ਰਾਣਾ ਜੰਗ ਬਹਾਦਰ ਦੀ ਪਟੀਸ਼ਨ ਖਾਰਜ, ਟੀਵੀ ਸ਼ੋਅ ਵਿਚ ਭਗਵਾਨ ਵਾਲਮੀਕਿ ’ਤੇ ਕੀਤੀ ਸੀ ਟਿੱਪਣੀ

ਜੇਲ੍ਹ ਜਾਣ ਤੋਂ ਪਹਿਲਾਂ ਮੰਗੀ ਸੀ ਮੁਆਫ਼ੀ
ਜਲੰਧਰ, 21 ਜੁਲਾਈ, ਹ.ਬ. : ਇੱਕ ਟੀਵੀ ਸ਼ੋਅ ਦੌਰਾਨ ਭਗਵਾਨ ਵਾਲਮੀਕਿ ਬਾਰੇ ਟਿੱਪਣੀ ਕਰਨ ਵਾਲੇ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਦੇ ਜਸਟਿਸ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬੀ ਫਿਲਮਾਂ ’ਚ ਕਾਮੇਡੀਅਨ ਅਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰਾਣਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉਸ ਨੂੰ ਜੇਲ੍ਹ ’ਚ ਹੀ ਰਹਿਣਾ ਪਵੇਗਾ।
ਭਗਵਾਨ ਵਾਲਮੀਕਿ ’ਤੇ ਟਿੱਪਣੀ ਕਰਨ ਤੋਂ ਬਾਅਦ ਵਾਲਮੀਕੀ ਸਮਾਜ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਰਾਣਾ ਜੰਗ ਬਹਾਦਰ ਨੇ ਉਸ ਸਮੇਂ ਜਲੰਧਰ ਦੀ ਅਦਾਲਤ ’ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰਦੇ ਹੋਏ ਜਾਂਚ ਵਿਚ ਸ਼ਾਮਲ ਹੋਣ ਦੇ ਲਈ ਕਿਹਾ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਪੰਜਾਬੀ ਫਿਲਮਾਂ ਦੇ ਅਦਾਕਾਰ ਰਾਣਾ ਜੰਗ ਬਹਾਦਰ ਸਿੰਘ ਨੇ ਇੱਕ ਟੀਵੀ ਸ਼ੋਅ ਦੌਰਾਨ ਭਗਵਾਨ ਵਾਲਮੀਕਿ ਬਾਰੇ ਟਿੱਪਣੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦਾ ਪੂਰੇ ਪੰਜਾਬ ਵਿੱਚ ਵਿਰੋਧ ਹੋਇਆ ਸੀ। ਵਾਲਮੀਕਿ ਸਮਾਜ ਨੇ ਉਸ ਦੇ ਖਿਲਾਫ ਜਲੰਧਰ ’ਚ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਪਰ ਪੁਲਸ ਕਈ ਦਿਨਾਂ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ।
ਇਸ ਤੋਂ ਬਾਅਦ ਵਾਲਮੀਕਿ ਸਮਾਜ ਦੇ ਲੋਕਾਂ ਨੇ ਪੁਲਸ ਨੂੰ ਸਮਾਂ ਦਿੰਦੇ ਹੋਏ ਸੰਕੇਤਕ ਧਰਨਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਰਾਣਾ ਜੰਗ ਬਹਾਦਰ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਆ ਕੇ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ। ਪੁਲਿਸ ਅਧਿਕਾਰੀਆਂ ਨੇ ਰਾਣਾ ਨੂੰ ਗ੍ਰਿਫਤਾਰੀ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਸੀ। ਜੇਲ੍ਹ ਜਾਣ ਤੋਂ ਪਹਿਲਾਂ ਉਸ ਨੇ ਅਦਾਲਤ ਦੇ ਬਾਹਰ ਮਾਫੀ ਮੰਗੀ ਸੀ। ਜਦੋਂ ਅਦਾਲਤ ਨੇ ਰਾਣਾ ਜੰਗ ਬਹਾਦਰ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਤਾਂ ਉਸ ਨੇ ਅਦਾਲਤ ਤੋਂ ਬਾਹਰ ਆ ਕੇ ਸਮਾਜ ਤੋਂ ਮੁਆਫੀ ਮੰਗੀ। ਉਸ ਨੇ ਮੀਡੀਆ ਨੂੰ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ। ਉਹ ਭਾਈਚਾਰੇ ਅਤੇ ਸਾਰਿਆਂ ਤੋਂ ਮੁਆਫੀ ਮੰਗਦਾ ਹੈ। ਉਨ੍ਹਾਂ ਕਿਹਾ ਕਿ ਉਹ ਛੋਟਾ ਕਲਾਕਾਰ ਹੈ। ਲੋਕਾਂ ਨੂੰ ਹਸਾ ਕੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਬਿਖੇਰਦੇ ਹਨ। ਉਸ ਨੂੰ ਉਮੀਦ ਹੈ ਕਿ ਲੋਕ ਉਸ ਦੀ ਗਲਤੀ ਨੂੰ ਮਾਫ ਕਰ ਦੇਣਗੇ।

Video Ad
Video Ad