ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀ ਛੋਟੀ ਬਚਤ ‘ਤੇ ਵਿਆਜ ਦਰ ਘਟਾਉਣ ਦੇ ਫ਼ੈਸਲੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਕ ਵਾਰ ਚੋਣਾਂ ਖ਼ਤਮ ਹੋਣ ਤੋਂ ਬਾਅਦ ਮੱਧ ਵਰਗ ਦੀ ਬਚਤ ‘ਤੇ ਦੁਬਾਰਾ ਵਿਆਜ ਘਟਾ ਕੇ ਲੁੱਟ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਨਿਸ਼ਾਨਾ ਬਣਾਇਆ।

ਵੀਰਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਪੈਟਰੋਲ ਤੇ ਡੀਜ਼ਲ ਰਾਹੀਂ ਪਹਿਲਾਂ ਹੀ ਲੋਕਾਂ ਦੀ ਲੁੱਟ ਹੋ ਰਹੀ ਸੀ। ਜਿਵੇਂ ਹੀ ਚੋਣਾਂ ਖ਼ਤਮ ਹੋਣਗੀਆਂ, ਬਚਤ ਉੱਤੇ ਦੁਬਾਰਾ ਵਿਆਜ਼ ਘਟਾ ਕੇ ਮੱਧ ਵਰਗ ਦੀ ਲੁੱਟ ਕੀਤੀ ਜਾਵੇਗੀ। ਜੁਮਲੇ-ਝੂਠ ਦੀ ਇਸ ਸਰਕਾਰ ਨੇ ਲੋਕਾਂ ਨੂੰ ਲੁੱਟਿਆ।
ਉੱਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ 24 ਘੰਟੇ ਅੰਦਰ ਸਰਕਾਰ ਵੱਲੋਂ ਘੋਸ਼ਿਤ ਕੀਤੀ ਗਈ ਛੋਟੀ ਬਚਤ ‘ਤੇ ਨਵੀਂ ਵਿਆਜ ਦਰਾਂ ਵਾਪਸ ਲੈਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਤੇ ਵਰ੍ਹਦਿਆਂ ਕਿਹਾ, “ਕੀ ਇਹ ਸੱਚਮੁੱਚ ‘ਗਲਤੀ’ ਸੀ ਜਾਂ ਚੋਣਾਂ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ?”
ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, “ਅਸਲ ‘ਚ ਸੀਤਾਰਮਨ, ਇਹ ਭਾਰਤ ਸਰਕਾਰ ਦੀਆਂ ਯੋਜਨਾਵਾਂ ‘ਤੇ ਵਿਆਜ ਦਰਾਂ ਘਟਾਉਣ ਦੇ ਆਦੇਸ਼ ਜਾਰੀ ਕਰਨ ‘ਚ ਕੋਈ ਗਲਤੀ ਸੀ ਜਾਂ ਚੋਣ ਦੇ ਮੱਦੇਨਜ਼ਰ ਇਸ ਨੂੰ ਵਾਪਸ ਲਿਆ ਗਿਆ?” ਪ੍ਰਿਯੰਕਾ ਦੀ ਇਹ ਟਿੱਪਣੀ ਸੀਤਾਰਮਨ ਦੇ ਵੀਰਵਾਰ ਨੂੰ ਕਹੇ ਜਾਣ ਤੋਂ ਬਾਅਦ ਆਈ ਹੈ ਕਿ ਭਾਰਤ ਸਰਕਾਰ ਦੀਆਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਉਹੀ ਰਹਿਣਗੀਆਂ, ਜੋ ਉਹ 2020-2021 ਦੀ ਆਖਰੀ ਤਿਮਾਹੀ ‘ਚ ਸਨ। ਗਲਤੀ ਨਾਲ ਜਾਰੀ ਕੀਤੇ ਗਏ ਆਦੇਸ਼ ਵਾਪਸ ਲੈ ਲਏ ਜਾਣਗੇ।
