Home ਨਜ਼ਰੀਆ ਰਾਹੁਲ ਗਾਂਧੀ ਨੇ ਰਾਫ਼ੇਲ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਕਿਹਾ – ਕੋਈ ਵੀ ਕਰਮਾਂ ਦੇ ਲੇਖੇ-ਜੋਖੇ ਤੋਂ ਨਹੀਂ ਬੱਚ ਸਕਦਾ

ਰਾਹੁਲ ਗਾਂਧੀ ਨੇ ਰਾਫ਼ੇਲ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਕਿਹਾ – ਕੋਈ ਵੀ ਕਰਮਾਂ ਦੇ ਲੇਖੇ-ਜੋਖੇ ਤੋਂ ਨਹੀਂ ਬੱਚ ਸਕਦਾ

0
ਰਾਹੁਲ ਗਾਂਧੀ ਨੇ ਰਾਫ਼ੇਲ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਕਿਹਾ – ਕੋਈ ਵੀ ਕਰਮਾਂ ਦੇ ਲੇਖੇ-ਜੋਖੇ ਤੋਂ ਨਹੀਂ ਬੱਚ ਸਕਦਾ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ‘ਚ ਇਕ ਵਿਚੋਲੀਏ ਨੂੰ 11 ਲੱਖ ਯੂਰੋ (ਲਗਭਗ 9.5 ਕਰੋੜ ਰੁਪਏ) ਦਾ ਭੁਗਤਾਨ ਕੀਤੇ ਜਾਣ ਦੇ ਦਾਅਵੇ ਸਬੰਧੀ ਫ੍ਰੈਂਚ ਮੀਡੀਆ ਦੀ ਖਬਰ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵਿਅਕਤੀ ਜੋ ਕਰਮ ਕਰਦਾ ਹੈ, ਉਸ ਦਾ ਫਲ ਸਾਹਮਣੇ ਆ ਜਾਂਦਾ ਹੈ ਅਤੇ ਇਸ ਤੋਂ ਕੋਈ ਬੱਚ ਨਹੀਂ ਸਕਦਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, “ਕਰਮ – ਕਿਸੇ ਦੇ ਕੰਮਾਂ ਦਾ ਲੇਖਾ-ਜੋਖਾ। ਕੋਈ ਇਸ ਤੋਂ ਬਚ ਨਹੀਂ ਸਕਦਾ।”

ਦੱਸਣਯੋਗ ਹੈ ਕਿ ਫ਼ਰਾਂਸ ਦੀ ਨਿਊਜ਼ ਵੈਬਸਾਈਟ ‘ਮੀਡੀਆ ਪਾਰਟ’ ਨੇ ਫ਼ਰਾਂਸ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਏਐਫਏ ਦੀ ਜਾਂਚ ਰਿਪੋਰਟ ਦੇ ਹਵਾਲੇ ਤੋਂ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਡੈਸੋ ਐਵੀਏਸ਼ਨ ਨੇ ਕੁਝ ਫ਼ਰਜੀ ਭੁਗਤਾਨ ਕੀਤੇ ਹਨ। ਕੰਪਨੀ ਦੇ ਸਾਲ 2017 ਦੇ ਖਾਤਿਆਂ ਦੇ ਆਡਿਟ ‘ਚ ਕਲਾਇੰਟ ਗਿਫ਼ਟਾਂ ਦੇ ਨਾਮ ‘ਤੇ 5 ਲੱਖ 8 ਹਜ਼ਾਰ 925 ਯੂਰੋ (4.39 ਕਰੋੜ ਰੁਪਏ) ਦਾ ਖਰਚਾ ਦਰਸਾਇਆ ਗਿਆ ਸੀ। ਪਰ ਇੰਨੀ ਵੱਡੀ ਰਕਮ ਬਾਰੇ ਕੋਈ ਠੋਸ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਮਾਡਲ ਬਣਾਉਣ ਵਾਲੀ ਕੰਪਨੀ ਦਾ ਮਾਰਚ 2017 ‘ਚ ਇੱਕ ਬਿੱਲ ਵੀ ਉਪਲੱਬਧ ਕਰਵਾਇਆ ਗਿਆ।

ਏਐਫਏ ਵੱਲੋਂ ਪੁੱਛੇ ਜਾਣ ‘ਤੇ ਡੈਸੋ ਐਵੀਏਸ਼ਨ ਨੇ ਕਿਹਾ ਕਿ ਉਸ ਨੇ ਰਾਫ਼ੇਲ ਜਹਾਜ਼ ਦੇ 50 ਮਾਡਲ ਇਕ ਭਾਰਤੀ ਕੰਪਨੀ ਤੋਂ ਬਣਵਾਏ ਹਨ। ਇਨ੍ਹਾਂ ਮਾਡਲਾਂ ਲਈ 20 ਹਜ਼ਾਰ ਯੂਰੋ (17 ਲੱਖ ਰੁਪਏ) ਪ੍ਰਤੀ ਮਾਡਲ ਦੇ ਹਿਸਾਬ ਨਾਲ ਅਦਾ ਕੀਤਾ ਗਏ ਸਨ। ਹਾਲਾਂਕਿ ਇਨ੍ਹਾਂ ਮਾਡਲਾਂ ਨੂੰ ਕਿੱਥੇ ਤੇ ਕਿਵੇਂ ਵਰਤਿਆ ਗਿਆ, ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।

‘ਮੀਡੀਆ ਪਾਰਟ’ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਾਡਲ ਬਣਾਉਣ ਦਾ ਕੰਮ ਕਥਿਤ ਤੌਰ ‘ਤੇ ਭਾਰਤੀ ਕੰਪਨੀ ਡੈਫਸਿਸ ਸੋਲਿਊਸ਼ਨ ਨੂੰ ਦਿੱਤਾ ਗਿਆ ਸੀ। ਇਹ ਕੰਪਨੀ ਭਾਰਤ ‘ਚ ਡੈਸੋ ਦੀ ਸਬ-ਕਾਂਟਰੈਕਟਰ ਕੰਪਨੀ ਹੈ। ਇਸ ਦੀ ਮਲਕੀਅਤ ਰੱਖਣ ਵਾਲੇ ਪਰਿਵਾਰ ਨਾਲ ਜੁੜੇ ਸੁਸ਼ੇਣ ਗੁਪਤਾ ਰੱਖਿਆ ਸੌਦਿਆਂ ‘ਚ ਵਿਚੋਲੀਏ ਰਹੇ ਅਤੇ ਡੈਸੋ ਦੇ ਏਜੰਟ ਵੀ। ਸੁਸ਼ੇਣ ਗੁਪਤਾ ਨੂੰ ਅਗਸਤਾ-ਵੈਸਟਲੈਂਡ ਹੈਲੀਕਾਪਟਰ ਖਰੀਦ ਘੁਟਾਲੇ ਦੀ ਜਾਂਚ ਦੇ ਸਬੰਧ ‘ਚ ਸਾਲ 2019 ਵਿੱਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ। ‘ਮੀਡੀਆ ਪਾਰਟ’ ਅਨੁਸਾਰ ਸੁਸ਼ੇਣ ਗੁਪਤਾ ਨੇ ਹੀ ਡੈਸੋ ਐਵੀਏਸ਼ਨ ਨੂੰ ਮਾਰਚ 2017 ‘ਚ ਰਾਫ਼ੇਲ ਮਾਡਲ ਬਣਾਉਣ ਦਾ ਬਿੱਲ ਦਿੱਤਾ ਸੀ।