ਮੋਗਾ, 19 ਅਪ੍ਰੈਲ, ਹ.ਬ. : ਜਦੋਂ ਪਰਮਾਤਮਾ ਕਿਸੇ ਉਤੇ ਮਿਹਰਬਾਨ ਹੁੰਦਾ ਹੈ, ਤਾਂ ਸਾਰੇ ਖਜ਼ਾਨੇ ਖੋਲ੍ਹ ਦਿੰਦਾ ਹੈ। ਇਸੇ ਤਰ੍ਹਾਂ ਉਪਰ ਵਾਲੇ ਦੀ ਮੇਹਰ ਨੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਹੀ ਬਦਲ ਦਿੱਤੀ, ਜਦੋਂ ਉਸ ਦਾ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ। ਰਿਕਸ਼ਾ ਚਲਾਉਣ ਵਾਲੇ ਦੇਵ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਲੋਹਗੜ੍ਹ ਨੇੜੇ ਧਰਮਕੋਟ ਸ਼ਹਿਰ, ਲੋਹਗੜ੍ਹ ਨੇ 2.5 ਕਰੋੜ ਦੀ ਲਾਟਰੀ ਜਿੱਤ ਲਈ। ਕਰੋੜਾਂ ਰੁਪਏ ਦੀ ਲਾਟਰੀ ਨਿਕਲੋਣ ਨਾਲ ਉਸ ਦੀ ਕਿਸਮਤ ਬਦਲ ਗਈ। ਉਹ ਪਹਿਲਾਂ ਵੀ ਲਾਟਰੀਆਂ ਖਰੀਦਦਾ ਰਿਹਾ ਹੈ ਅਤੇ ਇਸ ਵਾਰ ਵੀ ਖਰੀਦੀ ਗਈ ਲਾਟਰੀ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ ਹੈ। ਜਿਸ ਏਜੰਟ ਤੋਂ ਉਸ ਨੇ ਇਹ ਬੰਪਰ ਲਾਟਰੀ ਖਰੀਦੀ ਸੀ, ਉਸ ਨੇ ਘਰ ਆ ਕੇ ਦੱਸਿਆ ਕਿ ਉਸ ਨੇ 2.5 ਕਰੋੜ ਦੀ ਲਾਟਰੀ ਜਿੱਤੀ ਹੈ। ਜਿਸ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 4 ਬੇਟੇ ਅਤੇ ਇਕ ਬੇਟੀ ਹੈ। ਉਹ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਪ੍ਰਮਾਤਮਾ ਨੇ ਉਸ ’ਤੇ ਮੇਹਰ ਕੀਤੀ ਹੈ ਅਤੇ ਉਸ ਨੂੰ ਬਹੁਤ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ। ਦੇਵ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਨੂੰ ਵਧੀਆ ਮਕਾਨ ਬਣਾ ਕੇ ਦੇਵੇਗਾ ਅਤੇ ਆਰਾਮਦਾਇਕ ਜੀਵਨ ਬਤੀਤ ਕਰੇਗਾ।