ਰਿਸ਼ਤੇ ਸੁਧਰਨ ਦੀ ਉਮੀਦ : ਅਟਾਰੀ ਦੇ ਰਸਤੇ ਭਾਰਤ ਆਵੇਗਾ 9 ਮੈਂਬਰੀ ਪਾਕਿਸਤਾਨੀ ਵਫ਼ਦ

ਅੰਮ੍ਰਿਤਸਰ, 17 ਮਾਰਚ, ਹ.ਬ. : ਭਾਰਤ-ਪਾਕਿਸਤਾਨ ਵਿਚਾਲੇ ਦੋ ਸਾਲ ਤੋਂ ਬੰਦ ਸਿੰਧੂ ਜਲ ਸਮਝੌਤੇ ’ਤੇ ਆਧਾਰਤ ਪਰਮਾਨੈਂਟ ਇੰਡਸ ਕਮੀਸ਼ਨ (ਪੀਆਈਸੀ) ਯਾਨੀ ਕਿ ਸਥਾਈ ਸਿੰਧੂ ਕਮਿਸ਼ਨ ਦੀ ਬੈਠਕ ਦਿੱਲੀ ਵਿਚ 23-24 ਮਾਰਚ ਨੂੰ ਹੋਵੇਗੀ। ਇਸ ਦੇ ਲਈ ਪਾਕਿਸਤਾਨ ਵਲੋਂ 9 ਮੈਂਬਰੀ ਵਫ਼ਦ 22 ਮਾਰਚ ਨੂੰ ਵਾਘਾ-ਅਟਾਰੀ ਦੇ ਰਸਤੇ ਭਾਰਤ ਪੁੱਜੇਗਾ। ਜਿਸ ਦੀ ਅਗਵਾਈ ਪਾਕਿਸਤਾਨ ਜਲ ਕਮਿਸ਼ਨਰ ਸਈਅਦ ਮੇਹਰ ਅਲੀ ਸ਼ਾਹ ਕਰਨਗੇ।
ਮੰਨਿਆ ਜਾ ਰਿਹਾ ਕਿ ਦੋਵੇਂ ਮੁਲਕਾਂ ਦੇ ਰਿਸ਼ਤਿਆਂ ’ਤੇ ਜਮੀ ਬਰਫ਼ ਦੇ ਪਿਘਲਣ ਦੀ ਸ਼ੁਰੂਆਤ ਇੱਥੋਂ ਹੋਣੀ ਹੈ, ਕਿਉਂਕਿ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਹੀ ਪਾਸੇ ਇੱਕ ਦੂਜੇ ਖ਼ਿਲਾਫ਼ ਤਲਖੀ ਵਧ ਗਈ ਸੀ ਅਤੇ ਇਸ ਦੇ ਕਾਰਨ ਆਵਾਜਾਈ, ਟਰੇਡ ਤਾਂ ਬੰਦ ਹੋਏ ਹੀ ਹਨ ਲੇਕਿਨ ਹਰ ਸਾਲ ਰੂਟੀਨ ਵਿਚ ਹੋਣ ਵਾਲੀ ਪਾਣੀ ਸਮਝੌਤੇ ਦੀ ਬੈਠਕ ਵੀ ਨਹੀਂ ਹੋ ਸਕੀ ਸੀ।
ਦੱਸਦੇ ਚਲੀਏ ਕਿ ਫਰਵਰੀ 2019 ਵਿਚ ਪੁਲਵਾਮਾ ਵਿਚ ਪਾਕਿਸਤਾਨ ਵਲੋਂ ਹੋਏ ਅੱਤਵਾਦੀ ਹਮਲੇ ਦੇ ਚਲਦਿਆਂ ਦਿੱਲੀ ਵਿਚ ਉਸ ਸਾਲ ਹੋਣ ਵਾਲੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਵਧਣ ਲੱਗੀ। ਭਾਰਤ ਨੇ ਜਿੱਥੇ ਪਾਕਿ ਆਯਾਤ ਮਾਮਲੇ ਵਿਚ 200 ਫੀਸਦੀ ਕਸਟਮ ਡਿਊਟੀ ਲਗਾ ਦਿੱਤੀ ਉਥੇ ਹੀ ਪਾਕਿ ਨੇ ਟਰੇਡ ਹੀ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਪਾਕਿ ਨੇ ਸਮਝੌਤਾ ਟਰੇਨ, ਦਿੱਲੀ-ਲਾਹੌਰ ਅਤੇ ਅੰਮ੍ਰਿਤਸਰ ਨਨਕਾਣਾ ਸਾਹਿਬ ਬਸ ਸੇਵਾਵਾਂ ਨੂੰ ਵੀ ਰੋਕ ਦਿੱਤਾ ਸੀ। ਇਸ ਕਾਰਨ ਬੈਠਕ ਵੀ ਨਹੀਂ ਹੋ ਸਕੀ ਸੀ।

Video Ad
Video Ad