
ਅਮਰੀਕਾ ਲੜਾਕੂ ਜਹਾਜ਼ ਭੇਜਣ ’ਤੇ ਕਰ ਰਿਹੈ ਵਿਚਾਰ
ਵਾਸ਼ਿੰਗਟਨ, 23 ਜੁਲਾਈ, ਹ.ਬ. : ਅਮਰੀਕਾ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਯੁੱਧ ’ਚ ਯੂਕਰੇਨ ਦੀ ਮਦਦ ਲਈ ਸਵਦੇਸ਼ੀ ਤੌਰ ’ਤੇ ਬਣੇ ਲੜਾਕੂ ਜਹਾਜ਼ ਭੇਜਣ ’ਤੇ ਵਿਚਾਰ ਕਰ ਰਿਹਾ ਹੈ। ਇਸ ਨਾਲ ਯੁੱਧ ਦੇ ਤੇਜ਼ ਹੋਣ ਦੀ ਉਮੀਦ ਹੈ। ਇਸ ਯੁੱਧ ਕਾਰਨ ਪੂਰੀ ਦੁਨੀਆ ਵਿਚ ਕਈ ਸੰਕਟ ਪੈਦਾ ਹੋ ਗਏ ਹਨ। ਸਭ ਤੋਂ ਵੱਡੀ ਸਮੱਸਿਆ ਭੋਜਨ ਦੀ ਸਪਲਾਈ ਦੀ ਹੈ। ਹਾਲਾਂਕਿ ਇਸ ਦਿਸ਼ਾ ’ਚ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਵਿਚੋਲਗੀ ’ਚ ਦੋਹਾਂ ਦੇਸ਼ਾਂ ਵਿਚਾਲੇ ਇਕ ਵੱਡਾ ਸਮਝੌਤਾ ਹੋਇਆ ਹੈ। ਹਾਲਾਂਕਿ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਤੁਰੰਤ ਨਹੀਂ ਚੁੱਕਿਆ ਜਾਵੇਗਾ। ਅਮਰੀਕਾ ਅਤੇ ਨਾਟੋ ਦੇਸ਼ ਪਹਿਲਾਂ ਹੀ ਅਸਿੱਧੇ ਤੌਰ ’ਤੇ ਯੂਕਰੇਨ ਦੀ ਮਦਦ ਕਰ ਰਹੇ ਹਨ। ਹੁਣ ਅਮਰੀਕਾ ’ਚ ਬਣੇ ਲੜਾਕੂ ਜਹਾਜ਼ ਭੇਜ ਕੇ ਯੂਕਰੇਨ ਦੀ ਤਾਕਤ ਵਧਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਫਿਲਹਾਲ ਅਮਰੀਕਾ ਦੇ ਬਣੇ ਲੜਾਕੂ ਜਹਾਜ਼ ਭੇਜਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਜੇਕਰ ਅਮਰੀਕਾ ਇਸ ਦੀ ਇਜਾਜ਼ਤ ਦਿੰਦਾ ਹੈ ਤਾਂ ਰੂਸ ਇਸ ਤੋਂ ਹੋਰ ਨਾਰਾਜ਼ ਹੋ ਸਕਦਾ ਹੈ। ਇਸ ਜੰਗ ਵਿੱਚ ਰੂਸ ਅਤੇ ਯੂਕਰੇਨ ਦੋਵਾਂ ਦਾ ਹੁਣ ਤੱਕ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ, ਪਰ ਯੁੱਧ ਦਾ ਅੰਤ ਨਜ਼ਰ ਨਹੀਂ ਆ ਰਿਹਾ ਹੈ।