
ਕੀਵ, 29 ਜੁਲਾਈ, ਹ.ਬ. : ਰੂਸ-ਯੂਕਰੇਨ ਯੁੱਧ ਵਿਚ ਹਰ ਰੋਜ਼ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ, ਰੂਸੀ ਫੌਜ ਨੇ ਦੱਖਣੀ ਖੇਤਰ ਵਿੱਚ ਸੈਨਿਕਾਂ ਨੂੰ ਵਧਾਉਂਦੇ ਹੋਏ, ਪੂਰਬੀ ਡੋਨਸਕ ਖੇਤਰ ਵਿੱਚ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਪਾਵਰ ਪਲਾਂਟ ਉੱਤੇ ਕਬਜ਼ਾ ਕਰ ਲਿਆ। ਮਾਸਕੋ ਦੀਆਂ ਮਿਜ਼ਾਈਲਾਂ ਨੇ ਲੰਬੇ ਸਮੇਂ ਬਾਅਦ ਕੀਵ ਖੇਤਰ ’ਚ ਬੁਨਿਆਦੀ ਢਾਂਚੇ ’ਤੇ ਹਮਲਾ ਕੀਤਾ ਹੈ। ਦੂਜੇ ਪਾਸੇ, ਯੂਕਰੇਨ ਨੇ ਰੂਸ ਦੇ ਕਬਜ਼ੇ ਵਾਲੇ ਖੇਤਰ ਖੇਰਸਨ ਸ਼ਹਿਰ ਵਿੱਚ ਜਵਾਬੀ ਹਮਲੇ ਤੇਜ਼ ਕਰ ਦਿੱਤੇ ਹਨ। ਰੂਸੀ ਫੌਜ ਨੇ ਸੋਵੀਅਤ ਯੁੱਗ ਦੇ ਕੋਲੇ ਨਾਲ ਚੱਲਣ ਵਾਲੇ ਵੁਹਲੇਹਿਰਸਕ ਪਾਵਰ ਪਲਾਂਟ ’ਤੇ ਕਬਜ਼ਾ ਕਰ ਲਿਆ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ, ਦੱਖਣੀ ਯੂਕਰੇਨ ਦੇ ਮੇਲੀਟੋਪੋਲ, ਜ਼ਾਪੋਰਿਝਿਆ ਅਤੇ ਖੇਰਸਨ ਖੇਤਰ ’ਚ ਵੱਡੇ ਪੱਧਰ ’ਤੇ ਫੌਜਾਂ ਦੀ ਤਾਇਨਾਤੀ ਕਰ ਰਿਹਾ ਹੈ। ਕਥਿਤ ਤੌਰ ’ਤੇ ਰੂਸੀ ਮਿਜ਼ਾਈਲਾਂ ਨੇ ਵੀਰਵਾਰ ਨੂੰ ਕੀਵ ਖੇਤਰ ਵਿਚ ਬੁਨਿਆਦੀ ਢਾਂਚੇ ’ਤੇ ਹਮਲਾ ਕੀਤਾ। ਇੱਥੇ ਇਹ ਹਫ਼ਤਿਆਂ ਲਈ ਨਿਸ਼ਾਨਾ ਨਹੀਂ ਸੀ।