ਰੇਲਵੇ ਬੋਰਡ ਦੇ ਚੇਅਰਮੈਨ ਦਾ ਐਲਾਨ – ਕੋਵਿਡ-19 ਦੇ ਕੇਸ ਵਧਣ ‘ਤੇ ਰੇਲ ਸੇਵਾ ਬੰਦ ਨਹੀਂ ਹੋਵੇਗੀ

ਕੋਲਕਾਤਾ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ। ਕਈ ਸੂਬਿਆਂ ਨੇ ਕੋਰੋਨਾ ਲਾਗ ਨੂੰ ਰੋਕਣ ਲਈ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਕਿਹਾ ਹੈ ਕਿ ਰੇਲ ਸੇਵਾਵਾਂ ਬੰਦ ਕਰਨ ਜਾਂ ਰੇਲ ਗੱਡੀਆਂ ਦੀ ਗਿਣਤੀ ਘਟਾਉਣ ਬਾਰੇ ਭਾਰਤੀ ਰੇਲਵੇ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਯਾਤਰੀਆਂ ਲਈ ਲੋੜੀਂਦੀਆਂ ਰੇਲ ਗੱਡੀਆਂ ਉਪਲੱਬਧ ਕਰਵਾਈਆਂ ਜਾਣਗੀਆਂ। ਜਿਹੜੇ ਲੋਕ ਸਫ਼ਰ ਕਰਨਾ ਚਾਹੁੰਦੇ ਹਨ, ਉਨ੍ਹਾਂ ਯਾਤਰੀਆਂ ਲਈ ਰੇਲ ਗੱਡੀਆਂ ਦੀ ਕੋਈ ਕਮੀ ਨਹੀਂ ਹੈ।

Video Ad

ਸੁਨੀਤ ਸ਼ਰਮਾ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ‘ਚ ਰੇਲਵੇ ਸਟੇਸ਼ਨਾਂ ‘ਤੇ ਆਮ ਭੀੜ ਲੱਗੀ ਹੋਈ ਹੈ। ਅਸੀਂ ਜ਼ਰੂਰਤ ਮੁਤਾਬਕ ਰੇਲ ਗੱਡੀਆਂ ਦੀ ਗਿਣਤੀ ਵਧਾਵਾਂਗੇ। ਇਸ ਦੇ ਤਹਿਤ ਅਪ੍ਰੈਲ-ਮਈ ਦੌਰਾਨ ਹੋਰ ਟ੍ਰੇਨਾਂ ਚਲਾਈਆਂ ਜਾਣਗੀਆਂ। ਕੋਰੋਨਾ ਦੇ ਮਾਮਲਿਆਂ ‘ਚ ਵਾਧੇ ਦੇ ਨਾਲ-ਨਾਲ ਦੇਸ਼ ਭਰ ਦੇ ਸਟੇਸ਼ਨਾਂ ‘ਤੇ ਯਾਤਰੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਟਰੇਨ ‘ਚ ਯਾਤਰਾ ਕਰਨ ਲਈ ਕੋਵਿਡ-19 ਦੇ ਨੈਗੇਟਿਵ ਸਰਟੀਫ਼ਿਕੇਟ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉੱਥੇ ਹੀ ਕਈ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਭਵਿੱਖ ‘ਚ ਲੌਕਡਾਊਨ ਦੇ ਡਰੋਂ ਯਾਤਰਾ ਕਰ ਰਹੇ ਹਨ।

ਯਾਤਰੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਭਾਰਤੀ ਰੇਲਵੇ ਨੇ ਵਾਧੂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਪੱਛਮੀ ਰੇਲਵੇ ਵੱਲੋਂ 60 ਵਾਧੂ ਰੇਲ ਗੱਡੀਆਂ ਅਤੇ ਸੈਂਟਰਲ ਰੇਲਵੇ ਵੱਲੋਂ 58 ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਨਵੀਂਆਂ ਰੇਲ ਗੱਡੀਆਂ ਮੁੰਬਈ ਤੋਂ ਦਰਭੰਗਾ, ਮੁੰਬਈ ਤੋਂ ਗੋਰਖਪੁਰ, ਮੁੰਬਈ ਤੋਂ ਰਾਂਚੀ, ਸੋਲਾਪੁਰ ਤੋਂ ਗੁਹਾਟੀ, ਇੰਦੌਰ ਤੋਂ ਜੈਪੁਰ, ਮੁੰਬਈ ਤੋਂ ਬਰੌਨੀ, ਗਾਂਧੀਧਾਮ ਤੋਂ ਨਾਗਰਕੋਲ, ਰਾਜਕੋਟ ਤੋਂ ਕੋਇੰਬਤੂਰ ਵਿਚਕਾਰ ਚੱਲਣਗੀਆਂ। ਵਾਧੂ ਵਿਸ਼ੇਸ਼ ਰੇਲ ਗੱਡੀਆਂ ਵੀ ਦਿੱਲੀ ਤੋਂ ਅੰਮ੍ਰਿਤਸਰ ਵਚਿਕਾਰ ਚਲਾਈਆਂ ਜਾਣਗੀਆਂ।

ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਇਸ ਸਮੇਂ ਅਸੀਂ 1400 ਤੋਂ ਵੱਧ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਚਲਾ ਰਹੇ ਹਾਂ। ਉੱਥੇ ਹੀ ਲਗਭਗ 5300 ਰੇਲ ਗੱਡੀਆਂ ਸਬ-ਅਰਬਨ ‘ਚ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਦੇਸ਼ ਭਰ ‘ਚ 800 ਤੋਂ ਵੱਧ ਯਾਤਰੀ ਰੇਲ ਗੱਡੀਆਂ ਚੱਲ ਰਹੀਆਂ ਹਨ। ਸੁਨੀਤ ਸ਼ਰਮਾ ਨੇ ਕਿਹਾ ਕਿ ਭੀੜ ਨੂੰ ਰੋਕਣ ਲਈ ਯਾਤਰੀ ਰੇਲ ਗੱਡੀਆਂ ਘੱਟ ਚਲਾਈਆਂ ਜਾ ਰਹੀਆਂ ਹਨ। ਜੇ ਸੂਬਾ ਸਰਕਾਰਾਂ ਫ਼ੈਸਲਾ ਕਰਦੀਆਂ ਹਨ ਤਾਂ ਅਸੀਂ ਵੱਧ ਯਾਤਰੀ ਰੇਲ ਗੱਡੀਆਂ ਚਲਾ ਸਕਦੇ ਹਾਂ।

ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਮੁੰਬਈ ਦੇ 6 ਰੇਲਵੇ ਸਟੇਸ਼ਨਾਂ ‘ਤੇ ਪਲੇਟਫ਼ਾਰਮ ਟਿਕਟਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਨ੍ਹਾਂ ਸਟੇਸ਼ਨਾਂ ‘ਚ ਲੋਕਮਾਨਿਆ ਤਿਲਕ ਟਰਮਿਨਸ, ਕਲਿਆਣ, ਠਾਣੇ, ਦਾਦਰ, ਪਨਵੇਲ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਸ਼ਾਮਲ ਹਨ। ਪਿਛਲੀ ਵਾਰ ਰੇਲਵੇ ਸਟੇਸ਼ਨਾਂ ‘ਤੇ ਭੀੜ ਨੂੰ ਰੋਕਣ ਲਈ ਪਲੇਟਫ਼ਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕੀਤੀ ਗਈ ਸੀ। ਸੈਂਟਰਲ ਰੇਲਵੇ ਨੇ ਸੰਕੇਤ ਦਿੱਤਾ ਹੈ ਕਿ ਮੁੰਬਈ ਲੋਕਲ ਟਰੇਨ ਸੇਵਾ ‘ਚ ਆਮ ਲੋਕਾਂ ਦੇ ਸਫ਼ਰ ਨੂੰ ਬੰਦ ਕੀਤਾ ਜਾ ਸਕਦਾ ਹੈ।

Video Ad