ਰੇਲਵੇ ਭਾਰਤ ਦੀ ਜਾਇਦਾਦ ਹੈ, ਕਦੇ ਨਿੱਜੀਕਰਨ ਨਹੀਂ ਹੋਵੇਗਾ : ਪੀਯੂਸ਼ ਗੋਇਲ

ਨਵੀਂ ਦਿੱਲੀ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਰਕਾਰੀ ਜਾਇਦਾਦਾਂ ਦੇ ਨਿੱਜੀਕਰਨ ਨੂੰ ਕੇਂਦਰ ਦੀ ਮੋਦੀ ਸਰਕਾਰ ਕਾਫ਼ੀ ਸਮੇਂ ਤੋਂ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹੈ। ਇਸ ਦੌਰਾਨ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਸਰਕਾਰ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਮੰਗਲਵਾਰ ਨੂੰ ਲੋਕ ਸਭਾ ‘ਚ ਪੀਯੂਸ਼ ਗੋਇਲ ਨੇ ਇਹ ਸਵਾਲ ਚੁੱਕਿਆ ਕਿ ਸੜਕਾਂ ਵੀ ਰਾਸ਼ਟਰੀ ਜਾਇਦਾਦ ਹਨ, ਪਰ ਕਿਸੇ ਨੇ ਇਹ ਨਹੀਂ ਕਿਹਾ ਇਸ ‘ਤੇ ਸਿਰਫ਼ ਸਰਕਾਰੀ ਗੱਡੀਆਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਸਪਸ਼ਟ ਕਰ ਦਿੱਤਾ ਕਿ ਰੇਲਵੇ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ‘ਚ ਨਹੀਂ ਦਿੱਤਾ ਜਾਵੇਗਾ।

Video Ad

ਪੀਯੂਸ਼ ਗੋਇਲ ਨਿੱਜੀਕਰਨ ਦੇ ਦੋਸ਼ਾਂ ਨੂੰ ਲੈ ਕੇ ਵਿਰੋਧੀ ਧਿਰ ਉੱਤੇ ਕਾਫ਼ੀ ਹਮਲਾਵਰ ਨਜ਼ਰ ਆਏ। ਉਨ੍ਹਾਂ ਕਿਹਾ, “ਸਾਡੇ ਉੱਤੇ ਰੇਲਵੇ ਦੇ ਨਿੱਜੀਕਰਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਲੋਕ ਕਦੇ ਇਹ ਨਹੀਂ ਕਹਿੰਦੇ ਕਿ ਸੜਕਾਂ ‘ਤੇ ਸਿਰਫ਼ ਸਰਕਾਰੀ ਗੱਡੀਆਂ ਚਲਾਣੀਆਂ ਚਾਹੀਦੀਆਂ ਹਨ।” ਉਨ੍ਹਾਂ ਕਿਹਾ, “ਅਜਿਹਾ ਇਸ ਲਈ ਕਿਉਂਕਿ ਦੋਵੇਂ ਨਿੱਜੀ ਤੇ ਸਰਕਾਰੀ ਗੱਡੀਆਂ ਵਿੱਤੀ ਤੌਰ ‘ਤੇ ਮਦਦਗਾਰ ਹਨ।” ਇਸ ਦੌਰਾਨ ਉਨ੍ਹਾਂ ਨੇ ਰੇਲਵੇ ਖੇਤਰ ‘ਚ ਨਿਜੀ ਨਿਵੇਸ਼ ਦਾ ਸਵਾਗਤ ਕਰਨ ਦੀ ਗੱਲ ਕਹੀ। ਪੀਯੂਸ਼ ਗੋਇਲ ਨੇ ਕਿਹਾ, “ਰੇਲਵੇ ‘ਚ ਨਿਜੀ ਨਿਵੇਸ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸੇਵਾਵਾਂ ‘ਚ ਸੁਧਾਰ ਕਰੇਗਾ।”

ਇਸ ਦੌਰਾਨ ਕੇਂਦਰੀ ਮੰਤਰੀ ਨੇ ਰੇਲਵੇ ਦੀਆਂ ਯੋਜਨਾਵਾਂ ਅਤੇ ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਿਵੇਸ਼ ਅਤੇ ਯਾਤਰੀਆਂ ਦੀ ਸੁਰੱਖਿਆ ‘ਤੇ ਜ਼ੋਰ ਦਿੱਤੇ ਜਾਣ ਕਾਰਨ ਰੇਲਵੇ ਹਾਦਸਿਆਂ ‘ਤੇ ਰੋਕ ਲੱਗੀ ਹੈ। ਰੇਲ ਹਾਦਸੇ ‘ਚ ਆਖਰੀ ਮੌਤ ਮਾਰਚ 2019 ‘ਚ ਹੋਈ ਸੀ। ਉਨ੍ਹਾਂ ਕਿਹਾ ਕਿ ਲਗਭਗ 2 ਸਾਲਾਂ ‘ਚ ਕੋਈ ਮੌਤ ਨਹੀਂ ਹੋਈ ਹੈ।

ਸਦਨ ‘ਚ ਪੀਯੂਸ਼ ਗੋਇਲ ਨੇ ਲੌਕਡਾਊਨ ਦੌਰਾਨ ਰੇਲ ਸੇਵਾਵਾਂ ‘ਤੇ ਪਏ ਅਸਰ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ, “ਲੋਕਾਂ ਨੇ ਲੌਕਡਾਊਨ ਦੀ ਅਲੋਚਨਾ ਕੀਤੀ, ਪਰ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ। ਰੇਲ ਰਾਹੀਂ ਪੂਰੇ ਦੇਸ਼ ‘ਚ ਕੋਰੋਨਾ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਸੀ। ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ 2 ਕਰੋੜ ਮੁਫ਼ਤ ਭੋਜਨ ਤੇ ਪਾਣੀ ਦੀਆਂ ਬੋਤਲਾਂ ਨਾਲ ਲਗਭਗ 4600 ਸ਼ਰਮਿਕ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਗਈਆਂ ਸਨ। ਖ਼ਾਸ ਗੱਲ ਇਹ ਹੈ ਕਿ ਕਈ ਸੂਬਿਆਂ ‘ਚ ਕੋਰੋਨਾ ਵਾਇਰਸ ਦੇ ਡਰ ਕਾਰਨ ਰੇਲ ਸੇਵਾ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤੀ ਗਈ ਹੈ।”

ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਖੇਤਰ ‘ਚ ਮਿਲ ਕੇ ਕੰਮ ਕਰਨ ਨਾਲ ਦੇਸ਼ ਉੱਚ ਵਿਕਾਸ ਵੱਲ ਵੱਧ ਸਕਦਾ ਹੈ ਅਤੇ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਵਿੱਤੀ ਸਾਲ 2021-22 ‘ਚ ਰੇਲਵੇ ‘ਚ 2.15 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਵਿੱਤੀ ਸਾਲ 2019-20 ‘ਚ 1.50 ਲੱਖ ਕਰੋੜ ਰੁਪਏ ਸੀ।

ਗੋਇਲ ਨੇ ਇਹ ਵੀ ਦੱਸਿਆ ਕਿ ਲਗਭਗ 1000 ਰੇਲਵੇ ਸਟੇਸ਼ਨਾਂ ਅਤੇ 400 ਰੇਲਵੇ ਭਵਨਾਂ ‘ਚ ਸੋਲਰ ਪੈਨਲ ਸਥਾਪਤ ਕੀਤੇ ਗਏ ਹਨ। ਸਾਲ 2030 ਤਕ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਬਣ ਜਾਵੇਗਾ, ਜਿਸ ਦਾ ‘ਨੈੱਟ ਜ਼ੀਰੋ ਕਾਰਬਨ ਐਮੀਜ਼ਨ ਰੇਲਵੇ’ ਹੋਵੇਗਾ। ਉਨ੍ਹਾਂ ਕਿਹਾ ਜੇ ਸਾਨੂੰ ਆਧੁਨਿਕ ਰੇਲਵੇ ਦਾ ਨਿਰਮਾਣ ਕਰਨਾ ਹੈ ਤਾਂ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੋਵੇਗੀ। ਦੇਸ਼ ਦੇ 50 ਸਟੇਸ਼ਨਾਂ ਦਾ ਮਾਡਲ ਡਿਜ਼ਾਈਨ ਤਿਆਰ ਕੀਤਾ ਗਿਆ ਹੈ, ਜਿੱਥੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ। ਨਿੱਜੀ ਖੇਤਰ ਜੋ ਸੇਵਾਵਾਂ ਪ੍ਰਦਾਨ ਕਰੇਗਾ, ਉਹ ਭਾਰਤੀ ਨਾਗਰਿਕਾਂ ਨੂੰ ਮਿਲਣਗੀਆਂ। ਰੁਜ਼ਗਾਰ ਪੈਦਾ ਹੋਣਗੇ। ਦੇਸ਼ ਦਾ ਅਰਥਚਾਰਾ ਵਧੇਗਾ ਅਤੇ ਦੇਸ਼ ਦੀ ਤਰੱਕੀ ਸਾਡਾ ਮੁੱਖ ਉਦੇਸ਼ ਹੈ।

Video Ad