Home ਕਾਰੋਬਾਰ ਰੇਲ ਯਾਤਰੀ ਹੁਣ ਬਗੈਰ ਰਿਜ਼ਰਵੇਸ਼ਨ ਕਰ ਸਕਣਗੇ ਸਫ਼ਰ, ਰੇਲਵੇ 5 ਅਪ੍ਰੈਲ ਤੋਂ 71 ਰੇਲ ਗੱਡੀਆਂ ਸ਼ੁਰੂ ਕਰੇਗਾ

ਰੇਲ ਯਾਤਰੀ ਹੁਣ ਬਗੈਰ ਰਿਜ਼ਰਵੇਸ਼ਨ ਕਰ ਸਕਣਗੇ ਸਫ਼ਰ, ਰੇਲਵੇ 5 ਅਪ੍ਰੈਲ ਤੋਂ 71 ਰੇਲ ਗੱਡੀਆਂ ਸ਼ੁਰੂ ਕਰੇਗਾ

0
ਰੇਲ ਯਾਤਰੀ ਹੁਣ ਬਗੈਰ ਰਿਜ਼ਰਵੇਸ਼ਨ ਕਰ ਸਕਣਗੇ ਸਫ਼ਰ, ਰੇਲਵੇ 5 ਅਪ੍ਰੈਲ ਤੋਂ 71 ਰੇਲ ਗੱਡੀਆਂ ਸ਼ੁਰੂ ਕਰੇਗਾ

ਨਵੀਂ ਦਿੱਲੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਵਿਚਕਾਰ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਵੱਡੀ ਗਿਣਤੀ ‘ਚ ਗ਼ੈਰ-ਰਾਖਵੀਆਂ ਰੇਲ ਗੱਡੀਆਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਗੱਡੀਆਂ ਦੇ 5 ਅਪ੍ਰੈਲ ਤੋਂ ਪਟੜੀ ‘ਤੇ ਦੌੜਨ ਨਾਲ ਦਿੱਲੀ-ਐਨਸੀਆਰ ਦੇ ਨਾਲ ਹੀ ਸਹਾਰਨਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਸਮੇਤ ਕਈ ਥਾਵਾਂ ਦਾ ਸਫ਼ਰ ਆਸਾਨ ਹੋ ਜਾਵੇਗਾ। ਉੱਤਰੀ ਰੇਲਵੇ ਵੱਲੋਂ ਕੁੱਲ 71 ਗ਼ੈਰ-ਰਾਖਵੀਆਂ ਮੇਲ ਅਤੇ ਐਕਸਪ੍ਰੈੱਸ ਟਰੇਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਰੇਲਵੇ ਮੰਤਰਾਲੇ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਰੇਲਵੇ ਮੰਤਰਾਲੇ ਨੇ ਟਵੀਟ ਕੀਤਾ, “ਰੇਲਵੇ ਨੇ ਯਾਤਰੀਆਂ ਦੀਆਂ ਸਹੂਲਤਾਂ ‘ਚ ਵਾਧਾ ਕਰਦਿਆਂ 5 ਅਪ੍ਰੈਲ ਤੋਂ 71 ਗ਼ੈਰ-ਰਾਖਵੀਆਂ ਮੇਲ ਅਤੇ ਐਕਸਪ੍ਰੈੱਸ ਟਰੇਨਾਂ ਸ਼ੁਰੂ ਕਰਨ ਜਾ ਰਿਹਾ ਹੈ। ਇਹ ਰੇਲ ਗੱਡੀਆਂ ਯਾਤਰੀਆਂ ਲਈ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣਗੀਆਂ।” ਇਸ ਟਵੀਟ ‘ਚ ਇਕ ਲਿੰਕ ਦਿੱਤਾ ਗਿਆ ਹੈ, ਜਿਸ ‘ਚ ਰੇਲ ਗੱਡੀਆਂ ਦੀ ਸੂਚੀ ਹੈ।
ਦੱਸ ਦੇਈਏ ਕਿ ਕੋਵਿਡ ਕਾਰਨ ਗ਼ੈਰ-ਰਾਖਵੀਆਂ ਰੇਲ ਗੱਡੀਆਂ ਸਪੈਸ਼ਲ ਟਰੇਨ ਦੇ ਨਾਮ ਤੋਂ ਚੱਲਣਗੀਆਂ। ਇਸ ਲਈ ਇਨ੍ਹਾਂ ਰੇਲ ਗੱਡੀਆਂ ਦਾ ਪੈਸੇਂਜਰ ਰੇਲ ਗੱਡੀਆਂ ਜਿੰਨਾ ਸਸਤਾ ਨਹੀਂ ਹੋਵੇਗਾ, ਸਗੋਂ ਮੇਲ ਅਤੇ ਐਕਸਪ੍ਰੈਸ ਟਰੇਨਾਂ ਦੇ ਬਰਾਬਰ ਹੋਵੇਗਾ।

ਰੇਲਵੇ ਅਨੁਸਾਰ ਸਹਾਰਨਪੁਰ-ਦਿੱਲੀ ਜੰਕਸ਼ਨ, ਫ਼ਿਰੋਜ਼ਪੁਰ ਕੈਂਟ-ਲੁਧਿਆਣਾ, ਫ਼ਾਜ਼ਿਲਕਾ-ਲੁਧਿਆਣਾ, ਬਠਿੰਡਾ-ਲੁਧਿਆਣਾ, ਵਾਰਾਣਸੀ-ਪ੍ਰਤਾਪਗੜ੍ਹ, ਸਹਾਰਨਪੁਰ-ਨਵੀਂ ਦਿੱਲੀ, ਜਾਖਲ-ਦਿੱਲੀ ਜੰਕਸ਼ਨ, ਗਾਜ਼ੀਆਬਾਦ-ਪਾਣੀਪਤ, ਸ਼ਾਹਜਹਾਂਪੁਰ-ਸੀਤਾਪੁਰ, ਗਾਜ਼ੀਆਬਾਦ- ਮੁਰਾਦਾਬਾਦ ਸਮੇਤ ਕਈ ਸ਼ਹਿਰਾਂ ਲਈ ਗ਼ੈਰ-ਰਾਖਵੀਆਂ ਟਰੇਨਾਂ ਚੱਲਣਗੀਆਂ।

ਉੱਥੇ ਹੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਸ਼ਨਿੱਚਰਵਾਰ ਨੂੰ ਲਗਭਗ 13 ਲੱਖ ਰੇਲਵੇ ਮੁਲਾਜ਼ਮਾਂ ਨੂੰ ਇੱਕ ਚਿੱਠੀ ਲਿਖੀ ਅਤੇ ਕੋਰੋਨਾ ਵਾਇਰਸ ਸੰਕਟ ਦੌਰਾਨ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਜਿਹਾ ਕੁਝ ਸੀ ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਉਨ੍ਹਾਂ ਕਿਹਾ, “ਸਾਡੇ ਆਪਣੇ ਨੁਕਸਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ, ਪਰ ਇਹ ਰੇਲ ਪਰਿਵਾਰ ਦਾ ਸਬਰ, ਦ੍ਰਿੜਤਾ ਅਤੇ ਸੰਕਲਪ ਸੀ, ਜੋ ਮਹਾਂਮਾਰੀ ਦੇ ਦੌਰ ‘ਚ ਜੇਤੂ ਸਾਬਤ ਹੋਇਆ।”

ਗੋਇਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ‘ਰੇਲਵੇ ਪਰਿਵਾਰ’ ਨੇ ਆਪਣੇ ਆਪ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ। ਜਦੋਂ ਦੁਨੀਆਂ ਠਹਿਰ ਗਈ ਸੀ ਤਾਂ ਰੇਲਵੇ ਕਰਮਚਾਰੀਆਂ ਨੇ ਇਕ ਦਿਨ ਦੀ ਵੀ ਛੁੱਟੀ ਨਹੀਂ ਕੀਤੀ ਅਤੇ ਅਰਥਚਾਰੇ ਦੇ ਪਹੀਏ ਚਲਦੇ ਰਹਿਣ ਲਈ ਆਪਣੀ ਜਾਨ ਨੂੰ ਜ਼ੋਖ਼ਮ ‘ਚ ਪਾਉਣ ਲਈ ਸਖ਼ਤ ਮਿਹਨਤ ਕੀਤੀ।