ਰੋਹਤਕ ‘ਚ ਕਿਸਾਨਾਂ ਵੱਲੋਂ ਮਨੋਹਰ ਲਾਲ ਖੱਟੜ ਦਾ ਜ਼ਬਰਦਸਤ ਵਿਰੋਧ, ਪੁਲਿਸ ਨਾਲ ਝੜਪ ਹੋਈ

ਰੋਹਤਕ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪਿਛਲੇ ਲਗਭਗ ਸਾਢੇ 4 ਮਹੀਨੇ ਤੋਂ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਹਰਿਆਣਾ ਦੇ ਰੋਹਤਕ ਜ਼ਿਲ੍ਹੇ ‘ਚ ਸਾਹਮਣੇ ਆਇਆ ਹੈ, ਜਿੱਥੇ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ।

Video Ad

ਦਰਅਸਲ, ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੇ ਭੋਗ ‘ਚ ਸ਼ਾਮਲ ਹੋਣ ਲਈ ਰੋਹਤਕ ਪਹੁੰਚੇ ਸਨ। ਇਸ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਦੇ ਦੌਰੇ ਦਾ ਵਿਰੋਧ ਕੀਤਾ। ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਲੈਂਡਿੰਗ ਲਈ ਬਾਬਾ ਮਸਤਨਾਥ ਯੂਨੀਵਰਸਿਟੀ ‘ਚ ਹੈਲੀਪੈਡ ਬਣਾਇਆ ਗਿਆ ਸੀ। ਸਵੇਰੇ ਹੀ ਕਿਸਾਨ ਇਸ ਹੈਲੀਪੈਡ ਕੋਲ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਰੋਕਿਆ, ਜਿਸ ਕਾਰਨ ਕਿਸਾਨਾਂ ਨਾਲ ਪੁਲਿਸ ਦੀ ਝੜਪ ਵੀ ਹੋਈ। ਇਸ ਝੜਪ ‘ਚ ਕਈ ਪੁਲਿਸ ਮੁਲਾਜ਼ਮ ਤੇ ਕਿਸਾਨ ਵੀ ਜ਼ਖ਼ਮੀ ਹੋ ਗਏ। ਭੜਕੇ ਕਿਸਾਨਾਂ ਨੇ ਬੈਰੀਕੇਡ ਉਖਾੜ ਦਿੱਤੇ। ਇਸ ਵਿਰੋਧ ਦੇ ਚੱਲਦੇ ਮੁੱਖ ਮੰਤਰੀ ਬਾਬਾ ਮਸਤਨਾਥ ਹੈਲੀਪੈਡ ਦੀ ਬਜਾਏ ਦੂਜੀ ਥਾਂ ਹੈਲੀਕਾਪਟਰ ਤੋਂ ਰੋਹਤਕ ਪਹੁੰਚੇ।

ਸਖ਼ਤ ਸੁਰੱਖਿਆ ਵਿਚਕਾਰ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਲੈਂਡਿੰਗ ਦੀ ਥਾਂ ਡੇਢ ਘੰਟੇ ‘ਚ ਦੋ ਵਾਰ ਬਦਲੀ ਗਈ। ਮੁੱਖ ਮੰਤਰੀ ਹੈਲੀਕਾਪਟਰ ਦੀ ਲੈਂਡਿੰਗ ਦਾ ਪ੍ਰਬੰਧ ਸਭ ਤੋਂ ਪਹਿਲਾਂ ਬਾਬਾ ਮਸਤਨਾਥ ਯੂਨੀਵਰਸਿਟੀ ‘ਚ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਹੰਗਾਮੇ ਤੋਂ ਬਾਅਦ ਲੈਂਡਿੰਗ ਦੀ ਥਾਂ ਬਦਲ ਕੇ ਪੁਲਿਸ ਲਾਈਨ ‘ਚ ਕਰ ਦਿੱਤੀ। ਇਸ ਤੋਂ ਬਾਅਦ ਦੁਪਹਿਰ 2 ਵਜੇ ਸੁਨਾਰਿਆ ਪੀਟੀਸੀ ਸੈਂਟਰ ‘ਚ ਹੈਲੀਕਾਪਟਰ ਦੀ ਲੈਂਡਿੰਗ ਦੀ ਸੂਚਨਾ ਮਿਲੀ।

Video Ad