Home ਤਾਜ਼ਾ ਖਬਰਾਂ ਲਵ ਮੈਰਿਜ ਤੋਂ ਨਰਾਜ਼ ਪਿਉ ਨੇ ਅਦਾਲਤ ’ਚ ਧੀ ਨੂੰ ਮਾਰੀ ਗੋਲੀ

ਲਵ ਮੈਰਿਜ ਤੋਂ ਨਰਾਜ਼ ਪਿਉ ਨੇ ਅਦਾਲਤ ’ਚ ਧੀ ਨੂੰ ਮਾਰੀ ਗੋਲੀ

0
ਲਵ ਮੈਰਿਜ ਤੋਂ ਨਰਾਜ਼ ਪਿਉ ਨੇ ਅਦਾਲਤ ’ਚ ਧੀ ਨੂੰ ਮਾਰੀ ਗੋਲੀ

ਕਰਾਚੀ, 25 ਜਨਵਰੀ, ਹ.ਬ. : ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਦੋਂ ਅਦਾਲਤ ’ਚ ਪਹੁੰਚਣ ’ਤੇ ਇਕ ਪਿਤਾ ਨੇ ਆਪਣੀ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਿਪੋਰਟ ਮੁਤਾਬਕ ਇਹ ਮਾਮਲਾ ਸੋਮਵਾਰ ਦਾ ਹੈ, ਜਦੋਂ ਲੜਕੀ ਨੂੰ ਉਸ ਦੇ ਪਿਤਾ ਨੇ ਗੋਲੀ ਮਾਰ ਦਿੱਤੀ ਸੀ। ਕਰਾਚੀ ਪੁਲਿਸ ਨੇ ਇਸ ਘਟਨਾ ਨੂੰ ਆਨਰ ਕਿਲਿੰਗ ਕਰਾਰ ਦਿੱਤਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਰਾਚੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਾਚੀ ਦੇ ਪੀਰਾਬਾਦ ਦੀ ਰਹਿਣ ਵਾਲੀ ਇੱਕ ਲੜਕੀ ਕਰਾਚੀ ਸਿਟੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਆਈ ਸੀ ਅਤੇ ਉਸ ਨੇ ਅਦਾਲਤ ਵਿੱਚ ਪੁਸ਼ਟੀ ਕੀਤੀ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਕਬਾਇਲੀ ਖੇਤਰ ਦੇ ਵਜ਼ੀਰਿਸਤਾਨ ਦੀ ਵਸਨੀਕ ਸੀ ਅਤੇ ਉਸ ਨੇ ਹਾਲ ਹੀ ਵਿੱਚ ਆਪਣੇ ਗੁਆਂਢ ਵਿੱਚ ਇੱਕ ਡਾਕਟਰ ਨਾਲ ਵਿਆਹ ਕੀਤਾ ਸੀ। ਸੀਨੀਅਰ ਪੁਲਿਸ ਕਪਤਾਨ ਸ਼ਬੀਰ ਸੇਠਾਰ ਨੇ ਦੱਸਿਆ, ਜਦੋਂ ਉਹ ਅੱਜ ਸਵੇਰੇ ਸਿਟੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਲਈ ਆਈ ਤਾਂ ਉਸ ਦੇ ਪਿਤਾ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ, ਜੋ ਹੁਣ ਖਤਰੇ ਤੋਂ ਬਾਹਰ ਹੈ। ਪੁਲਸ ਅਧਿਕਾਰੀ ਸ਼ਬੀਰ ਸੇਠਾਰ ਨੇ ਦੱਸਿਆ ਕਿ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।