
ਲੁਧਿਆਣਾ, 9 ਮਾਰਚ, ਹ.ਬ. : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਵਟਸਐਪ ਕਾਲਾਂ ਰਾਹੀਂ ਨਸ਼ੇ ਦਾ ਨੈੱਟਵਰਕ ਚਲਾ ਰਹੇ ਸਨ। ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਮੁਲਜ਼ਮਾਂ ਕੋਲੋਂ 150 ਗ੍ਰਾਮ ਹੈਰੋਇਨ ਅਤੇ 50 ਖਾਲੀ ਲਿਫਾਫੇ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਹਰਜੀਤ ਸਿੰਘ ਉਰਫ ਹਨੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ। ਪੁਲਸ ਨੇ ਹਰਜੀਤ ਸਿੰਘ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਉਸ ਦੇ ਸਾਥੀ ਕੋਲੋਂ 50 ਜ਼ਿਪ ਲਿਫ਼ਾਫ਼ੇ ਅਤੇ ਇਲੈਕਟ੍ਰਾਨਿਕ ਕੰਡਾ ਵੀ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਲੇਟੀ ਰੰਗ ਦੀ ਸਵਿਫਟ ਕਾਰ ’ਚ ਹੈਰੋਇਨ ਦੀ ਤਸਕਰੀ ਕਰਨ ਜਾ ਰਹੇ ਹਨ। ਮੁਲਜ਼ਮ ਨੂੰ ਗੋਲ ਚੌਕ ਨੇੜੇ ਪੰਜਾਬ ਸਟੀਲ ਵਰਕਸ ਪਿੰਡ ਗਿੱਲ ਵਿਖੇ ਨਾਕਾਬੰਦੀ ਕਰ ਕੇ ਕਾਬੂ ਕੀਤਾ ਗਿਆ। ਕਾਰ ਦੀ ਤਲਾਸ਼ੀ ਲੈਣ ’ਤੇ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਅਨੁਸਾਰ ਮੁਲਜ਼ਮ ਅਕਸਰ ਦਿੱਲੀ ਵਿੱਚ ਘੁੰਮਦਾ ਰਹਿੰਦਾ ਸੀ। ਉਹ ਦਿੱਲੀ ਤੋਂ ਹੀ ਕਿਸੇ ਵਿਦੇਸ਼ੀ ਤੋਂ ਹੈਰੋਇਨ ਲਿਆ ਕੇ ਮਹਾਂਨਗਰ ਵਿੱਚ ਸਪਲਾਈ ਕਰਦਾ ਸੀ। ਪੁਲਿਸ ਮੁਲਜ਼ਮਾਂ ਦੇ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ, ਤਾਂ ਜੋ ਵਿਦੇਸ਼ੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਾ ਸਕੇ। ਮੁਲਜ਼ਮ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ ਉਨ੍ਹਾਂ ਨਾਲ ਵਟਸਐਪ ਕਾਲ ’ਤੇ ਹੀ ਗੱਲ ਕਰਦਾ ਸੀ। ਪੁਲਸ ਅਨੁਸਾਰ ਹਰਜੀਤ ਸਿੰਘ ਉਰਫ਼ ਹਨੀ ਖ਼ਿਲਾਫ਼ ਪਹਿਲਾਂ ਵੀ 4 ਕੇਸ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।