ਲੁਧਿਆਣਾ ਵਿਚ ਗੁਰਦੁਆਰੇ ਤੋਂ ਗੋਲਕ ਚੋਰੀ

ਲੁਧਿਆਣਾ, 23 ਨਵੰਬਰ, ਹ.ਬ. : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੀ ਗੋਲਕ ਵੀ ਚੋਰੀ ਕਰ ਰਹੇ ਹਨ। ਘਟਨਾ ਥਾਣਾ ਮੇਹਰਬਾਨ ਇਲਾਕੇ ਦੀ ਹੈ। ਦੇਰ ਰਾਤ 4 ਬਦਮਾਸ਼ਾਂ ਨੇ ਰਾਹੋਂ ਰੋਡ ਸਥਿਤ ਪਿੰਡ ਕੱਕਾ ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਏ। ਗੁਰਦੁਆਰਾ ਸਾਹਿਬ ’ਚ ਰੱਖੀ ਗੋਲਕ ਚੋਰ ਲੈ ਗਏ। ਬਦਮਾਸ਼ ਗੋਲਕ ਚੋਰੀ ਕਰਕੇ ਗੁਰਦੁਆਰਾ ਸਾਹਿਬ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੋਲਕ ਵਿੱਚ ਕਰੀਬ 8 ਤੋਂ 10 ਹਜ਼ਾਰ ਰੁਪਏ ਦੀ ਨਕਦੀ ਸੀ। ਜਦੋਂ ਗ੍ਰੰਥੀ ਹਰਦੇਵ ਸਿੰਘ ਗੁਰਦੁਆਰੇ ਆਇਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਗੁਰਦੁਆਰੇ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ। ਅੰਦਰ ਜਾ ਕੇ ਦੇਖਿਆ ਤਾਂ ਗੋਲਕ ਗਾਇਬ ਸੀ। ਹਰਦੇਵ ਨੇ ਤੁਰੰਤ ਪ੍ਰਧਾਨ ਸੰਤੋਖ ਸਿੰਘ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਮੁਲਜ਼ਮਾਂ ਦੀਆਂ ਹਰਕਤਾਂ ਕੈਮਰਿਆਂ ਵਿੱਚ ਕੈਦ ਹੋ ਗਈਆਂ। ਚਾਰੋਂ ਮੁਲਜ਼ਮਾਂ ਨੇ ਮੂੰਹ ਢਕੇ ਹੋਏ ਸਨ। ਪੁਲਸ ਨੇ ਇਸ ਮਾਮਲੇ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਸੰਤੋਖ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਲਾਡੋਵਾਲ ਇਲਾਕੇ ’ਚ ਵੀ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਹੋਈ ਸੀ ਪਰ ਅੱਜ ਤੱਕ ਦੋਸ਼ੀ ਫੜੇ ਨਹੀਂ ਗਏ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ’ਚ ਕੁਝ ਲੋਕਾਂ ਵੱਲੋਂ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ ਹਨ। ਇਨ੍ਹਾਂ ਹੀ ਕਲੋਨੀਆਂ ਵਿੱਚ ਬਾਹਰੀ ਲੋਕ ਰਹਿੰਦੇ ਹਨ, ਜਿਨ੍ਹਾਂ ਦਾ ਪੁਲਿਸ ਕੋਲ ਵੀ ਕੋਈ ਰਿਕਾਰਡ ਨਹੀਂ ਹੈ। ਅਜੇ ਕੁਝ ਦਿਨ ਪਹਿਲਾਂ ਹੀ ਪਿੰਡ ਵਿੱਚ ਇੱਕ ਟਰੈਕਟਰ ਵੀ ਚੋਰੀ ਹੋ ਗਿਆ ਸੀ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।

Video Ad
Video Ad