ਲੁਧਿਆਣਾ ਵਿਚ ਦੇਰ ਰਾਤ ਫੋਨ ਕਰਕੇ ਸਰਪੰਚ ਨੂੰ ਦਿੱਤੀ ਮਾਰਨ ਦੀ ਧਮਕੀ, ਫੇਰ ਕੀਤੀ ਫਾਇਰਿੰਗ

ਲੁਧਿਆਣਾ, 16 ਮਾਰਚ, ਹ.ਬ. : ਹੰਬੜਾ ਰੋਡ ਸਥਿਤ ਪਿੰਡ ਜੈਨਪੁਰ ਵਿਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਦੂਜੇ ਨੂੰ ਘੂਰਨ ’ਤੇ ਦੋ ਧਿਰਾਂ ਵਿਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇੱਕ ਧਿਰ ਨੇ ਪਹਿਲੇ ਵਿਅਕਤੀ ਨੂੰ ਫੋਨ ਕਰਕੇ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ। ਥੋੜ੍ਹੀ ਦੇਰ ਬਾਅਦ ਕਾਰਾਂ ਵਿਚ ਭਰ ਕੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾਵਰ ਨੌਜਵਾਨ ਦੇ ਘਰ ਆ ਗਏ ਅਤੇ ਪੱਥਰ ਅਤੇ ਕੱਚ ਦੀ ਬੋਤਲਾਂ ਨਾਲ ਹਮਲਾ ਕਰ ਦਿੱਤਾ।
ਨੌਜਵਾਨ ਦੇ ਬਾਹਰ ਨਾ ਨਿਕਲਣ ’ਤੇ ਹਮਲਾਵਰ ਕੰਧ ਟੱਪ ਕੇ ਅੰਦਰ ਵੜੇ ਅਤੇ ਘਰ ’ਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਰੀਬ 23 ਗੋਲੀਆਂ ਚਲਾਉਣ ਤੋ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ ਦੀ ਸੂਚਨਾ ਮਿਲਣ ’ਤੇ ਏਸੀਪੀ ਗੁਰਪ੍ਰੀਤ ਸਿੰਘ, ਥਾਣਾ ਪੀਏਯੂ ਦੇ ਐਸਐਚਓ ਜਸਕੰਵਲ ਸਿੰਘ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਗਏ। ਪੁਲਿਸ ਨੂੰ ਮੌਕੇ ’ਤੇ 21 ਖੋਲ ਬਰਾਮਦ ਹੋਏ ਹਨ। ਥਾਣਾ ਪੀਏਯੂ ਪੁਲਿਸ ਨੇ ਜੈਨਪੁਰ ਦੇ ਅਕਾਲੀ ਸਰਪੰਚ ਬਲਕਰਨ ਸਿੰਘ ਦੀ ਸ਼ਿਕਾਇਤ ’ਤੇ ਗੁਰਵਿੰਦਰ ਸਿੰਘ ਗੋਰਾ, ਇੰਦਰਜੀਤ ਸਿੰਘ ਇੰਦਾ, ਹਰਸ਼ ਸੋਢੀ, ਮਨਪ੍ਰੀਤ ਸਿੰਘ ਅਤੇ 20 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਬਲਕਰਨ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਗੁਰਵਿੰਦਰ ਦੇ ਨਾਲ ਪੁਰਾਣੀ ਰੰਜਿਸ਼ ਚਲੀ ਆ ਰਹੀ ਹੈ। ਜਿਸ ਦੇ ਚਲਦਿਆਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਬਲਕਰਨ ਅਤੇ ਗੁਰਵਿੰਦਰ ਵਿਚ ਇੱਕ ਦੂਜੇ ਨੂੰ ਘੂਰ ਕੇ ਵੇਖਣ ’ਤੇ ਝਗੜਾ ਹੋਇਆ ਸੀ। ਹਮਲਾ ਹੋਣ ’ਤੇ ਬਲਕਰਨ ਕਮਰੇ ਤੋਂ ਬਾਹਰ ਆਇਆ। ਲੇਕਿਨ ਹਮਲਾਵਰ ਭਾਰੀ ਮਾਤਰਾ ਵਿਚ ਹੋਣ ਦੇ ਚਲਦਿਆਂ ਖੁਦ ਅਤੇ ਪਰਵਾਰ ਨੂੰ ਅੰਦਰ ਕਮਰਿਆਂ ਵਿਚ ਲਿਜਾ ਕੇ ਕੁੰਡੀ ਲਗਾ ਦਿੱਤੀ। ਕੰਧ ਟੱਪ ਕੇ ਹਮਲਾਵਰ ਅੰਦਰ ਵੜ ਗਏ। ਲੇਕਿਨ ਅੰਦਰ ਦੇ ਗੇਟ ਨਾ ਖੁਲ੍ਹਣ ’ਤੇ ਵਿਹੜੇ ਵਿਚ ਖੜ੍ਹੇ ਹੋ ਕੇ ਫਾਇਰਿੰਗ ਕੀਤੀ।
ਜਾਣਕਾਰੀ ਅਨੁਸਾਰ ਬਲਕਰਨ ਦਾ ਇੱਕ ਵਿਅਕਤੀ ਨਾਲ 2020 ਵਿਚ ਝਗੜਾ ਹੋਇਆ ਸੀ। ਉਸ ਮਾਮਲੇ ਵਿਚ ਵੀ ਗੋਲੀ ਚਲੀ ਸੀ। ਜਿਸ ’ਤੇ ਬਲਕਰਨ ਦੇ ਖ਼ਿਲਾਫ ਮਾਮਲਾ ਦਰਜ ਹੋਇਆ ਸੀ। ਬਲਕਰਨ ਦਾ ਦੋਸ਼ ਹੈ ਕਿ ਉਨ੍ਹਾਂ ਲੋਕਾਂ ਨੇ ਮੁੜ ਉਸ ’ਤੇ ਹਮਲਾ ਕਰਾਇਆ। ਹਾਲਾਂਕਿ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।
ਐਸਐਚਓ ਜਸਕੰਵਲ ਸਿੰਘ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਵਿਚ ਘੂਰ ਕੇ ਦੇਖਣ ਨੂੰ ਲੈ ਕੇ ਮੁਲਜ਼ਮਾਂ ਨੇ ਹਮਲਾ ਕੀਤਾ ਸੀ। ਮੁਲਜ਼ਮਾਂ ਦੀ ਭਾਲ ਵਿਚ ਤਿੰਨ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ।

Video Ad
Video Ad