
ਲੁਧਿਆਣਾ, 16 ਮਾਰਚ, ਹ.ਬ. : ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਗੁਆਂਢੀਆਂ ਨੇ ਇੱਕ ਪਰਿਵਾਰ ’ਤੇ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਦੇ ਕਰੀਬ 7 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਹਮਲਾਵਰਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ। ਉਲਟਾ ਉਸ ਦੇ ਲੜਕੇ ਤੇ ਉਸ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਔਰਤ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਉਹ ਗਲੀ ਨੰਬਰ 8, ਸਵਾਮੀ ਵਿਵੇਕਾਨੰਦ ਨਗਰ, 33 ਫੁੱਟਾ ਰੋਡ ਵਿੱਚ ਰਹਿੰਦੀ ਹੈ। ਕਿਸੇ ਨੇ ਉਸ ਦੇ ਪੁੱਤਰ ਵਿਰੁੱਧ ਝੂਠੀ ਕਹਾਣੀ ਬਣਾ ਕੇ ਉਸ ਦੇ ਗੁਆਂਢੀਆਂ ਨੂੰ ਕੁਝ ਕਿਹਾ। ਇਸ ਤੋਂ ਬਾਅਦ ਉਸ ਦੇ ਬੇਟੇ ਹਨੀ ਨੇ ਗੁਆਂਢੀਆਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਨੇ ਉਸ ਦੀ ਇੱਕ ਨਾ ਸੁਣੀ ਅਤੇ ਲੜਾਈ ਸ਼ੁਰੂ ਕਰ ਦਿੱਤੀ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਮਲਾਵਰ ਪਰਿਵਾਰ ਉਤੇ ਹਮਲਾ ਕਰਨ ਲਈ ਆਏ। ਇਸ ਦੇ ਨਾਲ ਹੀ ਪਰਿਵਾਰ ਨੇ ਉਨ੍ਹਾਂ ਦੀ ਬੇਟੀ ਨਾਲ ਛੇੜਛਾੜ ਦੇ ਦੋਸ਼ ਵੀ ਲਗਾਏ ਹਨ, ਜਿਸ ਤੋਂ ਬਾਅਦ ਮਾਮਲਾ ਵਧ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਤੋਂ 7 ਦਿਨਾਂ ਬਾਅਦ ਪੁਲਸ ਹਨੀ ਅਤੇ ਉਸ ਦੇ ਦੋਸਤ ਸੂਰਜ ਖਿਲਾਫ ਮਾਮਲਾ ਦਰਜ ਕਰਨ ਜਾ ਰਹੀ ਹੈ। ਮਹਿਲਾ ਸ਼ਕੁੰਤਲਾ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ। ਉਸ ਦਾ ਪੁੱਤਰ ਅਤੇ ਉਸ ਦਾ ਦੋਸਤ ਬੇਕਸੂਰ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।