
ਲੁਧਿਆਣਾ, 8 ਅਗਸਤ, ਹ.ਬ. : ਲੁਧਿਆਣਾ-ਦਿੱਲੀ ਹਾਈਵੇਅ ’ਤੇ ਈ-ਰਿਕਸ਼ਾ ’ਚ ਜਾ ਰਹੇ ਇਕ ਪਰਿਵਾਰ ਨੂੰ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਲੋਕਾਂ ਨੇ ਮਾਂ-ਪੁੱਤ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਪਰ ਦੋਵਾਂ ਦੀ ਮੌਤ ਹੋ ਗਈ। ਦੂਜੇ ਪਾਸੇ ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਸੂਚਨਾ ਮਿਲਦੇ ਹੀ ਮੋਤੀ ਨਗਰ ਪੁਲਸ ਮੌਕੇ ’ਤੇ ਪਹੁੰਚ ਗਈ, ਉਨ੍ਹਾਂ ਨੇ ਮ੍ਰਿਤਕ ਨਿਸ਼ਾ (23) ਅਤੇ ਇਕ ਸਾਲ ਦੇ ਸਾਹਿਬ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਪੁਲਸ ਨੇ ਮੁਲਜ਼ਮ ਡਰਾਈਵਰ ਰਾਜ ਕੁਮਾਰ ਖ਼ਿਲਾਫ਼ ਕਾਰਵਾਈ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮ੍ਰਿਤਕ ਦੇ ਪਤੀ ਸੁਮਿਤ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਲੜਕੇ ਅਤੇ ਭੈਣ ਮੀਨੂੰ ਨਾਲ ਡਾਕਟਰ ਤੋਂ ਦਵਾਈ ਲੈਣ ਈ-ਰਿਕਸ਼ਾ ’ਤੇ ਜਾ ਰਹੀ ਸੀ ਤਾਂ ਸ਼ਰਾਬ ਦੇ ਨਸ਼ੇ ’ਚ ਧੁੱਤ ਟਰੱਕ ਚਾਲਕ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਉਸ ਦੀ ਪਤਨੀ ਅਤੇ ਬੇਟੇ ਦੋਵਾਂ ਦੀ ਮੌਤ ਹੋ ਗਈ।