ਲੋਕਾਂ ਦੀ ਤ੍ਰਾਸਦੀ

ਬੇਈਮਾਨੀ ਜਹਾਨ ਤੇ ਵਧੀ ਜਾਵੇ,
ਪਿੱਛੇ ਮੁੜਨ ਦਾ ਲਵੇ ਨਾ ਨਾਂ ਮੀਆਂ।
ਘਰ ਠੱਗਾਂ ਦੇ ਠੱਗ ਹੀ ਜੰਮਦੇ ਨੇ,
ਦੇਵੇ ਸਿੱਖਿਆ ਠੱਗਾਂ ਦੀ ਮਾਂ ਮੀਆਂ।
ਜਿੱਧਰ ਵੇਖੋ ਲਓ ਹਾਹਾਕਾਰ ਮੱਚੀ,
ਸਮਾਂ ਏਦੂ ਮਾੜਾ ਅਗਾਂਹ ਮੀਆਂ।
ਸਾਧ ਲੀਡਰ ਲੋਕਾਂ ਦੇ ਲੱਗ ਮੂਹਰੇ,
ਲੋੜ ਪੈਣ ਤੇ ਹੋਣ ਪਿਛਾਂਹ ਮੀਆਂ।
ਆਪ ਵੇਖਣ ਤਮਾਸ਼ਾ ਦੂਰ ਖੜ੍ਹ ਕੇ,
ਲੱਭ ਲੈਂਦੇ ਲੁੱਕਣ ਨੂੰ ਥਾਂ ਮੀਆਂ।
ਵੋਟਾਂ ਵੇਲੇ ਪਤਾ ਨੀ ਆਉਣ ਕਿੱਥੋਂ,
ਬੜੀ ਮਿਲਾਉਂਦੇ ਹਾਂ ਵਿੱਚ ਹਾਂ ਮੀਆਂ।
ਮਹਿੰਗਾਈ ਬੇਰੁਜ਼ਗਾਰੀ ਦੀ ਗੱਲ ਕੇਹੀ,
ਮਾਰਦੀ ਠੂੰਗਾਂ ਬਣ ਕਾਲਾ ਕਾਂ ਮੀਆਂ।
ਪੰਜ ਸਾਲਾਂ ਬਾਅਦ ਯਾਦ ਫ਼ੇਰ ਕਰਦੇ,
ਜਿੱਤ ਕੇ ਬਣ ਜਾਂਦੇ ਰਾਣੀ ਖਾਂ ਮੀਆਂ।
ਲੋਕੀਂ ਕਰਨ ਤੇ ਫਿਰ ਕੀ ਕਰਨ,
ਕਿਧਰੇ ਮਿਲੇ ਨਾ ਕੋਈ ਪਨਾਹ ਮੀਆਂ।
ਇੱਥੇ ਗਰੀਬ ਦੀ ਕੋਈ ਨੀ ਬਾਤ ਪੁੱਛਦਾ,
ਪੱਤੋ, ਮਾਰੇ ਪਤਾ ਨੀ ਕਿਹੜੇ ਮਾਂਹ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Video Ad
Video Ad