Home ਭਾਰਤ ਲੋਕ ਸਭਾ ਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਬਜਟ ਸੈਸ਼ਨ ‘ਚ 114 ਫ਼ੀਸਦੀ ਕੰਮਕਾਜ ਹੋਇਆ

ਲੋਕ ਸਭਾ ਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਬਜਟ ਸੈਸ਼ਨ ‘ਚ 114 ਫ਼ੀਸਦੀ ਕੰਮਕਾਜ ਹੋਇਆ

0
ਲੋਕ ਸਭਾ ਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਬਜਟ ਸੈਸ਼ਨ ‘ਚ 114 ਫ਼ੀਸਦੀ ਕੰਮਕਾਜ ਹੋਇਆ

ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਗੇੜ ਆਪਣੇ ਨਿਰਧਾਰਤ ਸਮੇਂ ਤੋਂ 14 ਦਿਨ ਪਹਿਲਾਂ ਖ਼ਤਮ ਹੋਇਆ ਸੀ। ਸੰਸਦ 8 ਅਪ੍ਰੈਲ ਤਕ ਚੱਲਣੀ ਸੀ, ਪਰ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਅਤੇ ਰਾਜ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਨਾਲ ਬਜਟ ਸੈਸ਼ਨ ਦੀ ਕਾਰਵਾਈ ਖ਼ਤਮ ਹੋ ਗਈ। ਸਦਨ ਦੇ ਮੁਲਤਵੀ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੋਕ ਸਭਾ ਪਹੁੰਚੇ।
ਲੋਕ ਸਭਾ ਦੇ ਬਜਟ ਸੈਸ਼ਨ ਦੌਰਾਨ 18 ਬਿੱਲ ਪਾਸ ਕੀਤੇ ਗਏ। ਵੱਖ-ਵੱਖ ਮੰਤਰਾਲਿਆਂ ਦੀਆਂ 163 ਰਿਪੋਰਟਾਂ ਸਥਾਈ ਕਮੇਟੀ ਅੱਗੇ ਪੇਸ਼ ਕੀਤੀਆਂ ਗਈਆਂ। ਲੋਕ ਸਭਾ ‘ਚ ਪ੍ਰੀਜਾਈਡਿੰਗ ਅਫ਼ਸਰ ਭ੍ਰਿਤਹਰੀ ਮਹਿਤਾਬ ਨੇ ਸਦਨ ਦੇ ਬਜਟ ਸੈਸ਼ਨ ‘ਚ 114 ਫ਼ੀਸਦੀ ਕੰਮਕਾਜ ਹੋਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਸਪੀਕਰ ਓਮ ਬਿਰਲਾ ਦੀ ਸਿਹਤ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਗਈ।
ਬਜਟ ਸੈਸ਼ਨ ਦੌਰਾਨ ਰਾਜ ਸਭਾ ਦੇ ਕੰਮਕਾਜ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਸੈਸ਼ਨ ‘ਚ ਸਦਨ ਦਾ ਕੰਮਕਾਜ 90% ਸੀ, ਜਦਕਿ ਹੰਗਾਮੇ ਕਾਰਨ ਲਗਭਗ 21 ਘੰਟੇ ਬਰਬਾਦ ਹੋਏ। ਉਨ੍ਹਾਂ ਕਿਹਾ ਕਿ ਸੈਸ਼ਨ ਦੇ ਪਹਿਲੇ ਗੇੜ ‘ਚ ਕੰਮਕਾਜ 99.6% ਸੀ, ਜਦਕਿ ਦੂਜੇ ਗੇੜ ‘ਚ ਇਹ 85% ਸੀ। ਇਸ ਦੌਰਾਨ ਕੁੱਲ 19 ਬਿੱਲ ਪਾਸ ਕੀਤੇ ਗਏ।
ਮਹਿਤਾਬ ਨੇ ਕਿਹਾ ਕਿ ਇਸ ਬਜਟ ਸੈਸ਼ਨ ‘ਚ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਲਈ ਬੈਠਕ 48 ਘੰਟੇ 23 ਮਿੰਟ ਤਕ ਚਲੀ। ਉਨ੍ਹਾਂ ਕਿਹਾ ਕਿ ਸੈਸ਼ਨ ਦੇ ਪਹਿਲੇ ਗੇੜ ‘ਚ ਰਾਸ਼ਟਰਪਤੀ ਦੇ ਸੰਬੋਧਨ ‘ਤੇ 16 ਘੰਟੇ 58 ਮਿੰਟ ਤਕ ਚਰਚਾ ਹੋਈ ਅਤੇ ਇਸ ‘ਚ 149 ਮੈਂਬਰਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਵੱਲੋਂ ਧੰਨਵਾਦ ਮਤੇ ਦੇ ਜਵਾਬ ਤੋਂ ਬਾਅਦ ਸਦਨ ਨੇ ਸਰਬਸੰਮਤੀ ਨਾਲ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ। 1 ਫ਼ਰਵਰੀ 2021 ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਉੱਤੇ 14 ਘੰਟੇ 42 ਮਿੰਟ ਤਕ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ‘ਚ ਕੁੱਲ 146 ਮੈਂਬਰਾਂ ਨੇ ਹਿੱਸਾ ਲਿਆ। ਸਾਲ 2021-22 ਲਈ ਰੇਲ ਮੰਤਰਾਲੇ, ਸਿੱਖਿਆ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਗ੍ਰਾਂਟਾਂ ਦੀ ਮੰਗ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿਚਾਰ ਵਟਾਂਦਰੇ ‘ਚ ਕੁੱਲ 21 ਘੰਟੇ 43 ਮਿੰਟ ਲੱਗੇ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁੱਡੂਚੇਰੀ ‘ਚ 27 ਮਾਰਚ ਤੋਂ 29 ਅਪ੍ਰੈਲ ਤਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਅਜਿਹੀ ਸਥਿਤੀ ‘ਚ ਸੈਸ਼ਨ ਦੇ ਇਸ ਹਿੱਸੇ ਨੂੰ ਕੱਟਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ। ਕਈ ਪਾਰਟੀਆਂ ਦੇ ਆਗੂ ਬਜਟ ਸੈਸ਼ਨ ‘ਚ ਕਟੌਤੀ ਲਈ ਸਹਿਮਤ ਸਨ ਅਤੇ ਦੋ ਹਫ਼ਤਿਆਂ ਦੀ ਕਟੌਤੀ ਦੀ ਮੰਗ ਕਰ ਰਹੇ ਸਨ। ਪਹਿਲਾ ਗੇੜ 29 ਜਨਵਰੀ ਤੋਂ 28 ਫਰਵਰੀ ਤਕ ਚੱਲਿਆ ਸੀ।