Home ਤਾਜ਼ਾ ਖਬਰਾਂ ਲੱਖਾ ਸਿਧਾਣਾ ਨੇ ਲੋਕਾਂ ਨੂੰ ਕੇਐਮਪੀ ਜਾਮ ਨੂੰ ਸਫ਼ਲ ਬਣਾਉਣ ਦੀ ਕੀਤੀ ਅਪੀਲ

ਲੱਖਾ ਸਿਧਾਣਾ ਨੇ ਲੋਕਾਂ ਨੂੰ ਕੇਐਮਪੀ ਜਾਮ ਨੂੰ ਸਫ਼ਲ ਬਣਾਉਣ ਦੀ ਕੀਤੀ ਅਪੀਲ

0
ਲੱਖਾ ਸਿਧਾਣਾ ਨੇ ਲੋਕਾਂ ਨੂੰ ਕੇਐਮਪੀ ਜਾਮ ਨੂੰ ਸਫ਼ਲ ਬਣਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਲੋੜੀਂਦੇ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 10 ਅਪ੍ਰੈਲ ਨੂੰ ਕੇਐਮਪੀ ਰੋਡ ਦਿੱਲੀ ਨੂੰ ਜਾਮ ਕਰਨ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ’ਚ ਦਿੱਲੀ ਪੁੱਜਣ। ਲੱਖੇ ਨੇ ਕਿਹਾ ਕਿ ਉਹ ਵੀ ਆਪਣੇ ਸਾਥੀਆਂ ਸਣੇ 9 ਅਪ੍ਰੈਲ ਨੂੰ ਦਿੱਲੀ ਪਹੁੰਚ ਜਾਵੇਗਾ।
26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਹੈ ਅਤੇ ਉਸ ’ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਇਸ ਤੋਂ ਪਹਿਲਾਂ ਕੁੰਡਲੀ ਬਾਰਡਰ ਤੋਂ ਖੁੱਲ੍ਹਾ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਲੱਖਾ ਸਿਧਾਣਾ ਦੀ ਮਦਦ ਲਈ ਜਾਵੇਗੀ। ਬੁੱਧਵਾਰ ਦੇਰ ਰਾਤ ਲਾਈਵ ਹੋਏ ਵੀਡੀਓ ਵਿੱਚ ਲੱਖਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਕੱਲਾ ਕਿਸਾਨ ਨਹੀਂ, ਸਗੋਂ ਹਰ ਵਰਗ ਦੇ ਲੋਕ ਅੰਦੋਲਨ ਕਰ ਰਹੇ ਹਨ। ਉਸ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਲਈ ਖ਼ਤਰਨਾਕ ਹਨ ਤੇ ਨਾਲ ਹੀ ਇਹ ਹਰ ਛੋਟੇ-ਵੱਡੇ ਵਪਾਰੀ ’ਤੇ ਵੀ ਮਾੜਾ ਅਸਰ ਪਾਉਣਗੇ।
ਲੱਖਾ ਸਿਧਾਣਾ ਨੇ ਕਿਹਾ ਕਿ ਖੇਤੀ ਕਾਨੂੰਨ ਸਾਰੇ ਵਰਗਾਂ ਲਈ ਹਾਨੀਕਾਰਕ ਹਨ। ਇਸ ਲਈ ਹਰ ਛੋਟੇ-ਵੱਡੇ ਵਪਾਰੀ ਨੂੰ ਵੀ ਕਿਸਾਨਾਂ ਦੇ ਨਾਲ ਕੇਐਮਪੀ ਰੋਡ ਦਿੱਲੀ ਰੋਕਣ ਲਈ 10 ਅਪ੍ਰੈਲ ਨੂੰ ਪਹੁੰਚਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਜੇਕਰ ਸਰਕਾਰ ’ਤੇ ਦਬਾਅ ਨਹੀਂ ਬਣੇਗਾ ਤਾਂ ਉਹ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੰਗਾਂ ਨਹੀਂ ਮੰਨੇਗੀ। ਕਿਸੇ ਵੀ ਸਰਕਾਰ ਕੋਲੋਂ ਮੰਗਾਂ ਮਨਵਾਉਣ ਲਈ ਉਸ ’ਤੇ ਦਬਾਅ ਬਣਾਉਣਾ ਜ਼ਰੂਰੀ ਹੁੰਦਾ ਹੈ। ਕੁੰਡਲੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਰਨਾਂ ਨੇ ਹੁਣ ਸਰਕਾਰ ’ਤੇ ਬਦਾਅ ਬਣਾਉਣ ਲਈ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕੇਐਮਪੀ ਨੂੰ 10 ਅਪ੍ਰੈਲ ਨੂੰ 24 ਘੰਟੇ ਲਈ ਜਾਮ ਕੀਤਾ ਜਾਵੇਗਾ ਅਤੇ ਉਸ ਦੇ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਉੱਥੇ ਪਹੁੰਚਣ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਸਵਾਲ ’ਤੇ ਯਮੁਨਾਨਗਰ ਵਿੱਚ ਕਿਸਾਨ ਨੇਤਾ ਨਰੇਸ਼ ਟਿਕੈਤ ਨੇ ਕਿਹਾ ਸੀ ਕਿ ਲਾਲ ਕਿਲ੍ਹਾ ’ਤੇ ਹਿੰਸਾ ਲਈ ਵੀ ਸਰਕਾਰ ਜ਼ਿੰਮੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਹੈ। ਟਿਕੈਤ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਦੇ ਨਾਮ ’ਤੇ ਕੋਈ ਇਤਰਾਜ਼ ਨਹੀਂ ਹੈ।