ਵਾਸ਼ਿੰਗਟਨ ‘ਚ ਦੋ ਨਾਬਾਲਗ ਲੜਕੀਆਂ ਨੇ ਪਾਕਿਸਤਾਨੀ ਵਿਅਕਤੀ ਦੀ ਕਾਰ ਲੁੱਟਣ ਦੌਰਾਨ ਕੀਤੀ ਹੱਤਿਆ

ਵਾਸ਼ਿੰਗਟਨ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ‘ਚ ਪਿਛਲੇ ਹਫ਼ਤੇ ਇਕ ਪਾਕਿਸਤਾਨੀ ਪਰਵਾਸੀ ਨੂੰ ਮਾਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਾਕਿਸਤਾਨੀ ਪਰਵਾਸੀ ਖਾਣਾ ਡਿਲੀਵਰ ਕਰਨ ਦਾ ਕੰਮ ਕਰ ਰਿਹਾ ਸੀ। ਇਸ ਘਟਨਾ ‘ਚ ਦੋ ਲੜਕੀਆਂ, ਜਿਨ੍ਹਾਂ ਦੀ ਉਮਰ 13 ਤੇ 15 ਸਾਲ ਹੈ, ਦੋਸ਼ੀ ਪਾਈਆਂ ਗਈਆਂ ਹਨ। ਇਨ੍ਹਾਂ ਦੋਹਾਂ ਲੜਕੀਆਂ ਨੇ ਪਾਕਿਸਤਾਨੀ ਪਰਵਾਸੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਕਾਰ ਨੂੰ ਲੁੱਟ ਲਿਆ। ਇਸ ਸਾਰੀ ਘਟਨਾ ਦੀ ਨੇੜੇ ਖੜ੍ਹੇ ਇਕ ਵਿਅਕਤੀ ਨੇ ਵੀਡੀਓ ਬਣਾ ਲਈ ਸੀ।
ਜਾਣਕਾਰੀ ਅਨੁਸਾਰ ਪਾਕਿਸਤਾਨੀ ਪਰਵਾਸੀ ਮੁਹੰਮਦ ਅਨਵਰ (66) ਵਰਜੀਨੀਆ ਦੇ ਸਬਅਰਬਨ ਸਪ੍ਰਿੰਗਫੀਲਡ ‘ਚ ਰਹਿੰਦਾ ਸੀ। ਉਹ ਉਬੇਰ ਈਟਸ ਲਈ ਭੋਜਨ ਡਿਲੀਵਰ ਕਰਨ ਦਾ ਕੰਮ ਕਰਦਾ ਸੀ। ਜਦੋਂ ਉਸ ਦੀ ਹੱਤਿਆ ਕੀਤੀ ਗਈ ਤਾਂ ਉਹ ਆਪਣੀ ਨੌਕਰੀ ‘ਤੇ ਸੀ। ਪੁਲਿਸ ਨੇ ਦੱਸਿਆ ਕਿ ਟੇਜਰ ਨਾਲ ਲੈਸ ਲੜਕੀਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ। ਅਨਵਰ ਕਾਰ ‘ਚ ਸੀ ਅਤੇ ਉਸ ਦਾ ਸਾਈਡ ਦਰਵਾਜ਼ਾ ਖੁੱਲ੍ਹਾ ਸੀ। ਵਾਸ਼ਿੰਗਟਨ ਨੇਸ਼ਨਲ ਦੇ ਬਾਹਰ ਹੋਈ ਇਸ ਘਟਨਾ ‘ਚ ਲੜਕੀਆਂ ਵੱਲੋਂ ਕੀਤੇ ਹਮਲੇ ਦੌਰਾਨ ਅਨਵਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਪੂਰੀ ਘਟਨਾ ਦੀ ਨੇੜੇ ਖੜ੍ਹੇ ਇਕ ਵਿਅਕਤੀ ਨੇ ਵੀਡੀਓ ਬਣਾਈ। ਸ਼ਨਿੱਚਰਵਾਰ ਨੂੰ ਟਵਿੱਟਰ ‘ਤੇ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤਕ 55 ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ। ਲਗਭਗ ਡੇਢ ਮਿੰਟ ਲੰਬੀ ਇਸ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਅਨਵਰ ਦੀ ਹੌਂਡਾ ਐਕੋਰਡ ਕਾਰ ‘ਚੋਂ ਲੜਕੀਆਂ ਬਾਹਰ ਆ ਰਹੀਆਂ ਸਨ ਅਤੇ ਅਨਵਰ ਜ਼ਖ਼ਮੀ ਹਾਲਤ ‘ਚ ਸੜਕ ‘ਤੇ ਪਿਆ ਸੀ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਨਹੀਂ ਕੀਤੀ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਉਨ੍ਹਾਂ ਵਿਚੋਂ ਇਕ ਕੋਲੰਬੀਆ ਦੀ ਹੈ ਅਤੇ ਦੂਜੀ ਫ਼ੋਰਟ ਵਾਸ਼ਿੰਗਟਨ ਦੀ ਹੈ।
ਦੂਜੇ ਪਾਸੇ ਮੁਹੰਮਦ ਅਨਵਰ ਦੇ ਪਰਿਵਾਰ ਦੀ ਤਰਫ਼ੋਂ ਕਰਾਊਡ ਫੰਡਿੰਗ ਵੈਬਸਾਈਟ ‘ਗੋਫੰਡਮੀ’ ਨੇ ਇਕ ਮੁਹਿੰਮ ਚਲਾਈ ਹੈ। ਇਸ ਤਹਿਤ ਐਤਵਾਰ ਦੁਪਹਿਰ ਤਕ ਲਗਭਗ 5 ਲੱਖ ਡਾਲਰ ਇਕੱਤਰ ਕੀਤੇ ਜਾ ਚੁੱਕੇ ਹਨ।

Video Ad
Video Ad