Home ਤਾਜ਼ਾ ਖਬਰਾਂ ਵਿਆਹ ਦੇ ਲਈ 28 ਕਿਲੋਮੀਟਰ ਪੈਦਲ ਚੱਲ ਕੇ ਦੁਲਹਨ ਦੇ ਘਰ ਪੁੱਜਿਆ ਲਾੜਾ

ਵਿਆਹ ਦੇ ਲਈ 28 ਕਿਲੋਮੀਟਰ ਪੈਦਲ ਚੱਲ ਕੇ ਦੁਲਹਨ ਦੇ ਘਰ ਪੁੱਜਿਆ ਲਾੜਾ

0


ਭੁਵਨੇਸ਼ਵਰ, 18 ਮਾਰਚ, ਹ.ਬ. : ਉੜੀਸਾ ਦੇ ਰਾਏਗੜਾ ਜ਼ਿਲ੍ਹੇ ਵਿੱਚ ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਦੀ ਹੜਤਾਲ ਇੱਕ ਲਾੜੇ ਲਈ ਮੁਸੀਬਤ ਦਾ ਕਾਰਨ ਬਣ ਗਈ। ਉਸ ਨੂੰ ਲਾੜੀ ਦੇ ਘਰ ਪਹੁੰਚਣ ਲਈ 28 ਕਿਲੋਮੀਟਰ ਪੈਦਲ ਚੱਲਣਾ ਪਿਆ। ਦਰਅਸਲ, ਵੀਰਵਾਰ ਨੂੰ ਕਲਿਆਣਸਿੰਘਪੁਰ ਬਲਾਕ ਦੀ ਸੁਨਾਖੰਡੀ ਪੰਚਾਇਤ ਤੋਂ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰ ਬਰਾਤ ਲੈ ਕੇ ਨਿਕਲੇ ਸੀ, ਪਰ ਹੜਤਾਲ ਕਾਰਨ ਉਹ ਗੱਡੀਆਂ ਦਾ ਪ੍ਰਬੰਧ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੇ ਪੈਦਲ ਜਾਣ ਦਾ ਫੈਸਲਾ ਕੀਤਾ

ਸਾਰੀ ਰਾਤ ਪੈਦਲ ਤੁਰ ਕੇ ਦਿਬਾਲਪਾਡੂ ਪਹੁੰਚ ਗਏ। ਇਹ ਵਿਆਹ ਸ਼ੁੱਕਰਵਾਰ ਨੂੰ ਇੱਥੇ ਹੋਇਆ। ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਲਾੜੇ ਦੇ ਪੱਖ ਦੇ ਲੋਕ ਲਾੜੀ ਦੇ ਘਰ ਹੀ ਰਹੇ।
22 ਸਾਲਾ ਲਾੜੇ ਨਰੇਸ਼ ਪ੍ਰਸਕਾ ਨੇ ਬਰਾਤ ਲਈ ਚਾਰ ਗੱਡੀਆਂ ਦਾ ਇੰਤਜ਼ਾਮ ਕੀਤਾ ਸੀ ਪਰ ਜਦੋਂ ਡਰਾਈਵਰ ਹੜਤਾਲ ’ਤੇ ਚਲੇ ਗਏ ਤਾਂ ਮੁਸ਼ਕਲ ਹੋ ਗਈ। ਨਰੇਸ਼ ਨੇ ਕਿਹਾ- ਅਸੀਂ ਦੋਪਹੀਆ ਵਾਹਨਾਂ ’ਤੇ ਵਿਆਹ ਲਈ ਜ਼ਰੂਰੀ ਸਾਮਾਨ ਭੇਜਿਆ ਸੀ। ਇਸ ਤੋਂ ਬਾਅਦ ਅੱਠ ਔਰਤਾਂ ਸਮੇਤ ਕਰੀਬ 30 ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਤੁਰਨ ਦਾ ਫੈਸਲਾ ਕੀਤਾ। ਇਹ ਇੱਕ ਲੰਮਾ ਸਫ਼ਰ ਸੀ, ਪਰ ਇੱਕ ਯਾਦਗਾਰ ਅਨੁਭਵ ਵੀ ਸੀ।

ਲਾੜੇ ਅਤੇ ਉਸ ਦੇ ਪਰਿਵਾਰ ਦੇ ਪੂਰੀ ਰਾਤ ਪੈਦਲ ਚੱਲਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਲਾੜੇ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਡਰਾਈਵਰਾਂ ਦੀ ਹੜਤਾਲ ਕਾਰਨ ਕੋਈ ਵੀ ਡਰਾਈਵਰ ਗੱਡੀ ਚਲਾਉਣ ਲਈ ਤਿਆਰ ਨਹੀਂ ਸੀ। ਅਸੀਂ ਸਾਰੀ ਰਾਤ ਤੁਰ ਕੇ ਕੁੜੀ ਦੇ ਘਰ ਪਹੁੰਚੇ।