
ਤਰਨਤਾਰਨ, 13 ਮਾਰਚ, ਹ.ਬ. : ਪੰਜਾਬ ਵਿੱਚ ਗੰਨ ਕਲਚਰ ਦੇ ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਪਰ ਫਿਰ ਵੀ ਪੰਜਾਬ ਵਿੱਚ ਹਥਿਆਰਾਂ ਦੀ ਨੁਮਾਇਸ਼ ਅਤੇ ਦੁਰਵਰਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਪੰਜਾਬ ਦੇ ਤਰਨਤਾਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਇੱਕ ਵਿਆਹ ਸਮਾਗਮ ਦੀ ਵੀਡੀਓ ਹੈ, ਜਿਸ ਵਿੱਚ 100 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਪੁਲਿਸ ਹੁਣ ਵੀਡੀਓ ਦੇ ਆਧਾਰ ’ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਤਰਨਤਾਰਨ ਦੇ ਪਿੰਡ ਠੱਠੀਆਂ ਤੋਂ ਵਿਆਹ ਸਮਾਗਮ ਵਿੱਚ ਹਥਿਆਰਾਂ ਦੀ ਨੁਮਾਇਸ਼ ਅਤੇ ਦੁਰਵਰਤੋਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਵਾਇਰਲ ਵੀਡੀਓ ਇੱਕ ਵਿਆਹ ਸਮਾਗਮ ਦਾ ਹੈ। ਜਿਸ ਵਿੱਚ 100 ਦੇ ਕਰੀਬ ਇੱਕੋ ਸਮੇਂ ਫਾਇਰ ਕੀਤੇ ਗਏ। ਹੈਰਾਨੀ ਦੀ ਗੱਲ ਹੈ ਕਿ 100 ਗੋਲੀਆਂ ਚਲਾਉਣ ਤੋਂ ਬਾਅਦ ਵੀ ਪੁਲਿਸ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਸਕੀ। ਪਰ ਹੁਣ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ ਤਾਂ ਪੁਲਿਸ ਨੇ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਦੌਰਾਨ 2000 ਦੇ ਕਰੀਬ ਲਾਇਸੈਂਸ ਰੱਦ ਕੀਤੇ ਗਏ ਹਨ। ਜਦਕਿ ਐਤਵਾਰ ਨੂੰ 813 ਲਾਇਸੈਂਸ ਰੱਦ ਕੀਤੇ ਗਏ ਹਨ। ਇਸ ਸੂਚੀ ਵਿੱਚ 89 ਅਜਿਹੇ ਲਾਇਸੈਂਸ ਧਾਰਕ ਹਨ, ਜਿਨ੍ਹਾਂ ਦੇ ਲਾਇਸੈਂਸ ਅਪਰਾਧਕ ਗਤੀਵਿਧੀਆਂ ਕਾਰਨ ਰੱਦ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ ਐਸ.ਏ.ਐਸ.ਨਗਰ ਵਿੱਚ ਸਭ ਤੋਂ ਵੱਧ ਲਾਇਸੈਂਸ ਰੱਦ ਕੀਤੇ ਗਏ ਹਨ। ਦੂਜੇ ਨੰਬਰ ’ਤੇ ਪਠਾਨਕੋਟ ਹੈ, ਜਿੱਥੇ 199 ਲਾਇਸੈਂਸ ਰੱਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਲੁਧਿਆਣਾ ਦਿਹਾਤੀ ਦੇ 87, ਸ਼ਹੀਦ ਭਗਤ ਸਿੰਘ ਨਗਰ ਲਈ 48, ਗੁਰਦਾਸਪੁਰ ਦੇ 10, ਫਰੀਦਕੋਟ ਲਈ 84, ਹੁਸ਼ਿਆਰਪੁਰ ਦੇ 47, ਕਪੂਰਥਲਾ ਦੇ 6 ਅਤੇ ਸੰਗਰੂਰ ਦੇ 16 ਲਾਇਸੈਂਸ ਰੱਦ ਕੀਤੇ ਗਏ ਹਨ। ਅੰਮ੍ਰਿਤਸਰ ਕਮਿਸ਼ਨਰੇਟ ਦੇ 27 ਅਤੇ ਜਲੰਧਰ ਕਮਿਸ਼ਨਰੇਟ ਅਤੇ ਕਈ ਹੋਰ ਜ਼ਿਲ੍ਹਿਆਂ ਦੇ 11 ਵਿਅਕਤੀਆਂ ਦੇ ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ।