Home ਤਾਜ਼ਾ ਖਬਰਾਂ ਵਿਦੇਸ਼ੀ ਜੇਲ੍ਹ ’ਚ ਦੋ ਸਾਲ ਤੋਂ ਬੰਦ ਭਾਰਤੀ ਜੋੜਾ ਬਾਇੱਜ਼ਤ ਬਰੀ

ਵਿਦੇਸ਼ੀ ਜੇਲ੍ਹ ’ਚ ਦੋ ਸਾਲ ਤੋਂ ਬੰਦ ਭਾਰਤੀ ਜੋੜਾ ਬਾਇੱਜ਼ਤ ਬਰੀ

0
ਵਿਦੇਸ਼ੀ ਜੇਲ੍ਹ ’ਚ ਦੋ ਸਾਲ ਤੋਂ ਬੰਦ ਭਾਰਤੀ ਜੋੜਾ ਬਾਇੱਜ਼ਤ ਬਰੀ

ਦੋਹਾ (ਕਤਰ), 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਡਰੱਗ ਤਸਕਰੀ ਦੇ ਦੋਸ਼ਾਂ ਹੇਠ ਪਿਛਲੇ ਦੋ ਸਾਲ ਤੋਂ ਵਿਦੇਸ਼ੀ ਜੇਲ੍ਹ ਵਿੱਚ ਬੰਦ ਬੇਗੁਨਾਹ ਭਾਰਤੀ ਜੋੜੇ ਨੂੰ ਅੱਜ ਕਤਰ ਦੀ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ। ਭਾਰਤ ਸਰਕਾਰ ਤੇ ਏਜੰਸੀਆਂ ਨੇ ਇਸ ਜੋੜੇ ਨੂੰ ਬੇਗੁਨਾਹ ਸਾਬਤ ਕਰਨ ਲਈ ਅਦਾਲਤ ਨੂੰ ਸਬੂਤ ਮੁਹੱਈਆ ਕਰਵਾਏ, ਜਿਨ੍ਹਾਂ ਦੀ ਬਦੌਲਤ ਅੱਜ ਇਹ ਜੋੜਾ ਜੇਲ੍ਹ ’ਚੋਂ ਰਿਹਾਅ ਹੋ ਗਿਆ ਤੇ ਜਲਦ ਹੀ ਵਤਨ ਪਰਤੇਗਾ।
ਇਸ ਜੋੜੇ ਨੂੰ ਰਿਹਾਅ ਕਰਵਾਉਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ, ਪ੍ਰਧਾਨ ਮੰਤਰੀ ਦਫ਼ਤਰ, ਵਿਦੇਸ਼ ਮੰਤਰਾਲਾ ਅਤੇ ਕਤਰ ’ਚ ਭਾਰਤੀ ਦੂਤਾਵਾਸ ਵੱਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਅੱਜ ਸਾਹਮਣੇ ਆ ਗਿਆ। ਪਿਛਲੇ ਦੋ ਸਾਲ ਤੋਂ ਕਤਰ ਦੀ ਜੇਲ੍ਹ ਵਿੱਚ ਬੰਦ ਮੁੰਬਈ ਦੀ ਔਨਿਬਾ ਅਤੇ ਸ਼ਰੀਕ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ।
ਕਤਰ ਦੀ ਅਦਾਲਤ ਨੇ ਭਾਰਤੀ ਜੋੜੇ ਭਾਵ ਔਨਿਬਾ ਅਤੇ ਸ਼ਰੀਕ ਨੂੰ ਡਰੱਗਜ਼ ਸਣੇ ਗ੍ਰਿਫ਼ਤਾਰ ਕਰਕੇ 10 ਸਾਲ ਕੈਦ ਦੀ ਸਜ਼ਾ ਸੁਣਾਈ ਦਿੱਤੀ ਸੀ, ਪਰ ਇਸ ਜੋੜੇ ਦੀ ਬੇਗੁਨਾਹੀ ਦੇ ਸਬੂਤ ਕਤਰ ਤੋਂ ਦੂਰ ਭਾਰਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਕੱਠੇ ਕੀਤੇ। ਫਿਰ ਇਨ੍ਹਾਂ ਸਬੂਤਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਕਤਰ ਵਿੱਚ ਭਾਰਤੀ ਦੂਤਾਵਾਸ ਭੇਜਿਆ ਗਿਆ। ਭਾਰਤੀ ਦੂਤਾਵਾਸ ਰਾਹੀਂ ਕਤਰ ਦੇ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ।