ਵਿਰਾਟ ਕੋਹਲੀ ਨੇ ਵਨਡੇ ‘ਚ ਰਚਿਆ ਇਤਿਹਾਸ, ਜੈਕ ਕੈਲਿਸ ਦਾ ਰਿਕਾਰਡ ਤੋੜਿਆ

ਪੁਣੇ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੇ ਇੰਗਲੈਂਡ ਵਿਚਕਾਰ ਮਹਾਰਾਸ਼ਟਰ ਦੇ ਪੁਣੇ ਮੈਦਾਨ ‘ਚ ਪਹਿਲਾ ਇਕ ਰੋਜ਼ਾ ਮੈਚ ਖੇਡਿਆ ਗਿਆ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 60 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 56 ਦੌੜਾਂ ਦੀ ਪਾਰੀ ਖੇਡੀ। ਕੋਹਲੀ ਦੀ ਇਸ ਪਾਰੀ ਨਾਲ ਜਿੱਥੇ ਭਾਰਤੀ ਟੀਮ ਨੂੰ ਮਜ਼ਬੂਤੀ ਮਿਲੀ, ਉੱਥੇ ਹੀ ਭਾਰਤੀ ਕਪਤਾਨ ਨੇ ਪੂਣੇ ਦੇ ਮੈਦਾਨ ‘ਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਵਿਰਾਟ ਕੋਹਲੀ ਦੁਨੀਆਂ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ, ਜਿਨ੍ਹਾਂ ਨੇ ਆਪਣੀ ਧਰਤੀ ‘ਤੇ ਸਭ ਤੋਂ ਘੱਟ ਪਾਰੀਆਂ ‘ਚੋਂ 10,000 ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਰਿੱਕੀ ਪੋਟਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ ਘਰੇਲੂ ਧਰਤੀ ‘ਤੇ 195 ਪਾਰੀਆਂ ‘ਚ 10,000 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਪਹਿਲਾਂ ਰਿੱਕੀ ਪੋਟਿੰਗ 219 ਪਾਰੀਆਂ, ਸਚਿਨ ਤੇਂਦੁਲਕਰ -223 ਪਾਰੀਆਂ, ਮਹੇਲਾ ਜੈਵਰਧਨ 223 ਪਾਰੀਆਂ, ਕੁਮਾਰ ਸੰਗਾਕਾਰਾ 229 ਪਾਰੀਆਂ, ਜੈਕ ਕੈਲਿਸ 236 ਪਾਰੀਆਂ ਸ਼ਾਮਲ ਸਨ।
ਇਸ ਮੈਚ ‘ਚ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 61ਵਾਂ ਅਰਧ ਸੈਂਕੜਾ ਪੂਰਾ ਕੀਤਾ ਅਤੇ ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਜੈਕ ਕੈਲਿਸ ਦਾ ਰਿਕਾਰਡ ਤੋੜ ਕੇ ਅੰਤਰਰਾਸ਼ਟਰੀ ਵਨਡੇ ਕ੍ਰਿਕਟ ‘ਚ ਸਭ ਤੋਂ ਵੱਧ 50+ ਸਕੋਰ ਕਰਨ ਵਾਲੇ ਖਿਡਾਰੀਆਂ ਦੀ ਸੂਚੀ ‘ਚ ਸ਼ਾਮਲ ਹੋ ਗਏ। ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ‘ਚ 104ਵੀਂ ਵਾਰ 50 ਤੋਂ ਵੱਧ ਦੌੜਾਂ ਬਣਾਈਆਂ, ਜਦਕਿ ਜੈਕ ਕੈਲਿਸ ਨੇ ਆਪਣੇ ਕਰੀਅਰ ਦੌਰਾਨ 103 ਵਾਰ ਇਹ ਕਾਰਨਾਮਾ ਕੀਤਾ ਸੀ। ਵਨਡੇ ਕ੍ਰਿਕਟ ‘ਚ ਸਭ ਤੋਂ ਵੱਧ 50+ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਨਾਮ ਇਸ ‘ਚ ਸਭ ਤੋਂ ਉੱਪਰ ਰਿਹਾ ਹੈ, ਜਿਨ੍ਹਾਂ ਨੇ ਇਹ ਕਾਰਨਾਮਾ 145 ਵਾਰ ਕੀਤਾ ਸੀ, ਜਦਕਿ ਸ੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰ ਨੇ 118 ਪਾਰੀਆਂ ਨਾਲ ਦੂਜੇ ਨੰਬਰ ‘ਤੇ ਹਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ 112 ਪਾਰੀਆਂ ਨਾਲ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹਨ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜੈਕ ਕੈਲਿਸ ਨੂੰ ਪਛਾੜ ਚੌਥੇ ਸਥਾਨ ‘ਤੇ ਪਹੁੰਚ ਗਏ ਹਨ।
ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਆਪਣੇ ਕਰੀਅਰ ‘ਚ 27ਵੀਂ ਵਾਰ 50 ਜਾਂ ਉਸ ਦੋਂ ਵੱਧ ਦੌੜਾਂ ਦੀ ਪਾਰੀ ਖੇਡੀ। ਇਸ ਮਾਮਲੇ ‘ਚ ਉਨ੍ਹਾਂ ਨੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 26 ਵਾਰ ਇਹ ਕਾਰਨਾਮਾ ਕੀਤਾ ਸੀ। ਇੰਗਲੈਂਡ ਵਿਰੁੱਧ 50 ਜਾਂ ਉਸ ਤੋਂ ਵੱਧ ਦੌੜਾਂ ਦੀ ਪਾਰੀ ਖੇਡਣ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਪਹਿਲੇ ਨੰਬਰ ‘ਤੇ ਹਨ। ਉਨ੍ਹਾਂ ਨੇ 32 ਵਾਰ ਅਜਿਹਾ ਕੀਤਾ ਸੀ।

Video Ad
Video Ad