ਵੀਡੀਓ ਮਾਮਲਾ : ਖਰੜ ਕੋਰਟ ਨੇ ਵਿਦਿਆਰਥਣ ਤੇ 2 ਮੁੰਡਿਆਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਖਰੜ, 19 ਸਤੰਬਰ, ਹ.ਬ. : ਯੂਨੀਵਰਸਿਟੀ ਵੀਡੀਓ ਮਾਮਲੇ ਵਿਚ ਗ੍ਰਿਫਤਾਰ ਤਿੰਨੋਂ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ 7 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਦੱਸਦੇ ਚਲੀਏ ਕਿ ਵਿਦਿਆਰਥਣਾਂ ਦੀ ਨਹਾਉਣ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਵਿਦਿਆਰਥੀਆਂ ਦਾ ਧਰਨਾ ਰਾਤ 1.30 ਵਜੇ ਸਮਾਪਤ ਹੋ ਗਿਆ ਸੀ। ਹੁਣ ਇਸ ਮਾਮਲੇ ਦੀ ਜਾਂਚ ਲਈ 3 ਮਹਿਲਾ ਮੈਂਬਰਾਂ ਦੀ ਐਸਆਈਟੀ ਬਣਾਈ ਗਈ ਹੈ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਅਤੇ ਮੁਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹੁਣ ਯੂਨੀਵਰਸਿਟੀ ਵਿੱਚ 24 ਸਤੰਬਰ ਤੱਕ ਨਾਨ-ਟੀਚਿੰਗ ਡੇ ਵਜੋਂ ਐਲਾਨਿਆ ਗਿਆ ਹੈ। ਇਸ ਮਾਮਲੇ ਤੋਂ ਘਬਰਾ ਕੇ ਲੜਕੀਆਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਮਾਪੇ ਸਵੇਰੇ ਹੀ ਧੀਆਂ ਨੂੰ ਲੈਣ ਪਹੁੰਚ ਗਏ। ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਹਿਮਾਚਲ ਪੁਲਿਸ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚ ਜਿਸ ਨੌਜਵਾਨ ਦੀ ਤਸਵੀਰ ਲੜਕੀ ਨੇ ਦਿਖਾਈ ਸੀ, ਉਹ ਸ਼ਿਮਲਾ ਦੇ ਢਲ਼ੀ ਤੋਂ ਫੜਿਆ ਗਿਆ ਸੀ। ਉਸਦਾ ਨਾਮ ਰੰਕਜ ਵਰਮਾ ਹੈ। ਜਦਕਿ ਦੂਜੇ ਦੋਸ਼ੀ ਸੰਨੀ ਮਹਿਤਾ ਨੂੰ ਰੋਹੜੂ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਗ੍ਰਿਫਤਾਰ ਕੀਤਾ ਸੀ। ਲੜਕੀ ਵੀ ਸ਼ਿਮਲਾ ਦੇ ਰੋਹੜੂ ਦੀ ਰਹਿਣ ਵਾਲੀ ਹੈ। ਉਹ ਲੜਕਿਆਂ ਨੂੰ ਕਾਫੀ ਸਮੇਂ ਤੋਂ ਜਾਣਦੀ ਸੀ।
ਦੇਰ ਸ਼ਾਮ ਦੋਵਾਂ ਨੌਜਵਾਨਾਂ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਸੰਨੀ (23 ਸਾਲ) ਇੱਕ ਬੇਕਰੀ ਵਿੱਚ ਕੰਮ ਕਰਦਾ ਹੈ, ਜਦੋਂ ਕਿ ਰੰਕਜ (31 ਸਾਲ) ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਰੰਕਜ ਮੂਲ ਰੂਪ ਵਿੱਚ ਠੀਓਗ ਦੇ ਸੰਧੂ ਖੇਤਰ ਦਾ ਰਹਿਣ ਵਾਲਾ ਹੈ।

Video Ad
Video Ad