ਵੋਟਾਂ ਨੂੰ ਲੈ ਕੇ ਡੇਰਾ ਪ੍ਰੇਮੀ ਦੋ ਧੜਿਆਂ ਵਿਚ ਵੰਡੇ

ਸਿਰਸਾ, 12 ਫ਼ਰਵਰੀ, ਹ.ਬ. : ਹਰ ਵਾਰ ਦੀ ਤਰ੍ਹਾਂ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਰਾਜਨੀਤਕ ਪਾਰਟੀਆਂ ਦੀ ਨਜ਼ਰ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ’ਤੇ ਟਿਕੀ ਹੋਈ ਹੈ। ਜ਼ਬਰਜਨਾਹ ਅਤੇ ਕਤਲ ਦੇ ਕੇਸ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਜੇਲ੍ਹ ਤੋਂ 21 ਦਿਨ ਦੀ ਫਰਲੋ ਮਿਲੀ ਹੋਈ ਹੈ, ਜਿਸ ਦੇ ਚਲਦਿਆਂ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਰਾਤੇ ਬਰਾਤੇ ਡੇਰੇ ਦੇ ਚੱਕਰ ਕੱਢੇ ਜਾ ਰਹੇ ਨੇ ਪਰ ਇਸ ਦੌਰਾਨ ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਵੋਟਾਂ ਨੂੰ ਲੈ ਕੇ ਡੇਰਾ ਪ੍ਰੇਮੀ ਦੋ ਧੜਿਆਂ ਵਿਚ ਵੰਡੇ ਜਾ ਚੁੱਕੇ ਨੇ। ਡੇਰੇ ਦੇ ਇਕ ਧੜੇ ਨੇ ਸਿਆਸੀ ਲੀਡਰਾਂ ਅਤੇ ਰਾਜਨੀਤਕ ਵਿੰਗ ਦੇ ਅਰਮਾਨਾਂ ’ਤੇ ਪਾਣੀ ਫੇਰਦਿਆਂ ਨੋਟਾ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜੋ ਫੇਥ ਵਰਸਿਜ਼ ਵਰਡਿਕਟ ਪੇਜ਼ ਜ਼ਰੀਏ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਨੇ ਪਰ ਡੇਰੇ ਦੇ ਦੂਜੇ ਧੜੇ ਵੱਲੋਂ ਇਸ ’ਤੇ ਸ਼ਰਾਰਤੀ ਤੱਤ ਕਹਿ ਕੇ ਨਿਸ਼ਾਨਾ ਸਾਧਿਆ ਜਾ ਰਿਹੈ। ਦੱਸਦੇ ਚਲੀਏ ਕਿ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਰਾਜਨੀਤਕ ਆਗੂ ਭਾਵੇਂ ਡੇਰੇ ਦੇ ਚੱਕਰ ਕੱਢ ਰਹੇ ਨੇ ਪਰ ਇਸ ਵਾਰ ਡੇਰਾ ਪ੍ਰੇਮੀ ਵੀ ਦੋਫਾੜ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਇਕ ਧੜੇ ਵੱਲੋਂ ਕਿਸੇ ਨੂੰ ਵੀ ਵੋਟ ਨਾ ਦੇਣ ਦੀ ਗੱਲ ਆਖੀ ਜਾ ਰਹੀ ਹੈ। ਦਰਅਸਲ ਡੇਰਾ ਪੈਰੋਕਾਰਾਂ ਦਾ ਇਹ ਧੜਾ 25 ਅਗਸਤ 2017 ਨੂੰ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੋਂਦ ਵਿਚ ਆਇਆ ਜੋ ਡੇਰਾ ਪ੍ਰੇਮੀਆਂ ਵਿਚਕਾਰ ਡੇਰਾ ਪ੍ਰਬੰਧਕਾਂ ਦੀਆਂ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ ਅਤੇ ਸਾਰੇ ਡੇਰਾ ਪ੍ਰੇਮੀਆਂ ਨੂੰ ਨੋਟਾ ਦਾ ਬਟਨ ਦਬਾਉਣ ਲਈ ਆਖ ਰਿਹਾ।

Video Ad
Video Ad