ਵੋਟਿੰਗ ਤੋਂ ਪਹਿਲਾਂ ਨੰਦੀਗ੍ਰਾਮ ‘ਚ ਧਾਰਾ-144 ਲਾਗੂ, ਹੈਲੀਕਾਪਟਰ ਰਾਹੀਂ ਨਿਗਰਾਨੀ; ਬਾਹਰੀ ਲੋਕਾਂ ਦੀ ਐਂਟਰੀ ਬੰਦ

ਕੋਲਕਾਤਾ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ ਵਿਧਾਨ ਸਭਾ ਹਲਕੇ ‘ਚ ਸੀਆਰਪੀਸੀ ਦੀ ਧਾਰਾ-144 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਹਨ। ਇਸ ਹਾਈਪ੍ਰੋਫਾਈਲ ਸੀਟ ‘ਤੇ 1 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਵੀ ਇਕ ਹੈਲੀਕਾਪਟਰ ਦੀ ਮਦਦ ਨਾਲ ਇਲਾਕੇ ‘ਚ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ, ਜਿਹੜੇ ਲੋਕ ਨੰਦੀਗ੍ਰਾਮ ਦੇ ਵੋਟਰ ਨਹੀਂ ਹਨ, ਨੂੰ ਇਸ ਇਲਾਕੇ ‘ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਹੈ।
ਅਧਿਕਾਰੀ ਨੇ ਦੱਸਿਆ, “ਨੰਦੀਗ੍ਰਾਮ ਇਕ ਸੰਵੇਦਨਸ਼ੀਲ ਹਲਕਾ ਹੈ, ਜਿੱਥੇ ਮਮਤਾ ਬੈਨਰਜੀ ਅਤੇ ਸ਼ੁਭੇਂਦੁ ਅਧਿਕਾਰੀ ਵਰਗੇ ਹਾਈਪ੍ਰੋਫਾਈਲ ਉਮੀਦਵਾਰ ਚੋਣ ਲੜ ਰਹੇ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਮਨ-ਕਾਨੂੰਨ ਦੀ ਸਥਿਤੀ ਨਾ ਵਿਗੜੇ ਅਤੇ ਲੋਕ ਬਿਨਾਂ ਕਿਸੇ ਡਰ ਵੋਟ ਪਾ ਸਕਣ।” ਉਨ੍ਹਾਂ ਕਿਹਾ ਕਿ ਇਹ ਪਾਬੰਦੀ ਸ਼ੁੱਕਰਵਾਰ (2 ਅਪ੍ਰੈਲ) ਦੀ ਅੱਧੀ ਰਾਤ ਤਕ ਲਾਗੂ ਰਹੇਗੀ। ਜਿਹੜਾ ਵਿਅਕਤੀ ਨੰਦੀਗ੍ਰਾਮ ਦਾ ਵੋਟਰ ਨਹੀਂ ਹੈ, ਉਸ ਨੂੰ ਪੋਲਿੰਗ ਖ਼ਤਮ ਹੋਣ ਤਕ ਇਸ ਖੇਤਰ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਧਾਰਾ-144 ਲਾਗੂ ਹੋਣ ਨਾਲ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠਾ ਹੋਣ ਦੀ ਮਨਾਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਹਲਕੇ ‘ਚ ਕੇਂਦਰੀ ਬਲਾਂ ਦੀਆਂ 22 ਟੁਕੜੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਸ ਹਲਕੇ ‘ਚ ਕੁੱਲ 355 ਪੋਲਿੰਗ ਸਟੇਸ਼ਨ ਹਨ ਅਤੇ ਇਨ੍ਹਾਂ ‘ਚੋਂ 75 ਫ਼ੀਸਦੀ ‘ਚ ਵੈਬਕਾਸਟ ਦੀ ਸਹੂਲਤ ਹੈ। ਕੇਂਦਰੀ ਬਲਾਂ ਨੇ ਸੂਬੇ ਦੀ ਪੁਲਿਸ ਦੇ ਨਾਲ ਖੇਤਰ ਦੇ ਮਹੱਤਵਪੂਰਨ ਥਾਵਾਂ ‘ਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, “ਨੰਦੀਗ੍ਰਾਮ ‘ਚ ਦਾਖਲ ਹੋਣ ਤੋਂ ਪਹਿਲਾਂ ਵਾਹਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਕਿਸੇ ਵੀ ਬਾਹਰੀ ਗੱਡੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜੇ ਕੋਈ ਵਿਅਕਤੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।”
ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਵੋਟਿੰਗ ਵਾਲੇ ਦਿਨ ਇਲਾਕੇ ‘ਚ 22 ਜਵਾਨਾਂ ਦੀ ਇਕ ਤਤਕਾਲ ਰਿਸਪੌਂਸ ਟੀਮ (ਕਿਊਆਰਟੀ) ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਪੋਲਿੰਗ ਵਾਲੇ ਦਿਨ ਨੰਦੀਗ੍ਰਾਮ ‘ਚ ਚੋਣ ਪ੍ਰੀਕਿਰਿਆ ਦੀ ਨਿਗਰਾਨੀ ਲਈ ਅਧਿਕਾਰੀਆਂ ਦੀ ਇਕ ਟੀਮ ਵੀ ਗਠਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਸਥਾਨਕ ਅਧਿਕਾਰੀਆਂ ਨੂੰ ਬੁੱਧਵਾਰ ਰਾਤ ਤਕ ਸਾਰੇ ਲੰਬਿਤ ਗ੍ਰਿਫ਼ਤਾਰੀ ਵਾਰੰਟ ਲਾਗੂ ਕਰਨ ਅਤੇ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਲਈ ਵੀ ਕਿਹਾ ਹੈ।

Video Ad
Video Ad