ਉਹ ਮਾਵਾਂ ਧੰਨ ਹਨ ਜਿਹੜੀਆਂ ਅਜਿਹੇ ਸੂਰਮੇ ਪੁੱਤਰਾਂ ਨੂੰ ਜਨਮ ਦਿੰਦਿਆਂ ਹਨ, ਜੋ ਧਰਮ, ਕੌਮ, ਦੇਸ਼ ਦੀ ਇੱਜਤ ਖਾਤਿਰ ਆਪਣੀ ਜਿੰਦਗੀ ਦੀ ਆਹੁਤੀ ਦੇ ਜਾਂਦੇ ਹਨ। ਮਹਾਨ ਸਪੂਤਾ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਵੀ ਇੱਕ ਮਹਾਨ ਸਪੂੱਤਰ ਹਨ। ਇਸ ਮਹਾਨ ਸਪੂਤ ਦਾ ਜਨਮ 11 ਨਵੰਬਰ 1907 ਈਸਵੀ ਨੂੰ ਚੱਕ ਨੰਬਰ ਪੰਜ ਜ਼ਿਲ੍ਹਾ ਲਾਇਲਪੂਰ ਵਿਖੇ ਮਾਤਾ ਵਿਦਿਆਵਤੀ ਜੀ ਦੀ ਕੁੱਖੋਂ ਹੋਇਆ।
ਖਟਕੜ ਕਲਾਂ ਜ਼ਿਲ੍ਹਾ ਜਲੰਧਰ ਉਸ ਦਾ ਜੱਦੀ ਪਿੰਡ ਸੀ। ਆਪ ਜੀ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ ਕਾਂਗਰਸ ਦੇ ਲੀਡਰ ਸਨ ਅਤੇ ਚਾਚਾ ਜੀ ਸਰਦਾਰ ਅਜੀਤ ਸਿੰਘ “ਪਗੜੀ ਸੰਭਾਲ ਜੱਟਾ” ਲਹਿਰ ਦਾ ਪ੍ਰਸਿੱਧ ਆਗੂ ਸੀ। ਇਨ੍ਹਾਂ ਦੀ ਮਾਤਾ ਵਿਦਿਆਵਤੀ ਜੀ ਜੀ ਨੂੰ “ਪੰਜਾਬ ਮਾਤਾ” ਦਾ ਮਾਣ ਬਖਸ਼ਿਆ ਗਿਆ। ਇਨ੍ਹਾਂ ਦਾ ਜਨਮ ਪਰਿਵਾਰ ਵਿੱਚ ਬਹੁਤ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ ਕਿਉਂਕਿ ਇਨ੍ਹਾਂ ਦੇ ਚਾਚਾ ਜੀ ਮਾਂਡਲੇ ਜੇਲ ਅਤੇ ਪਿਤਾ ਜੀ ਨੇਪਾਲ ਦੀ ਜੇਲ ਵਿੱਚੋਂ ਰਿਹਾਅ ਹੋ ਕੇ ਆਏ ਸਨ।
ਆਪ ਜੀ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਵਿੱਚੋਂ ਹੀ ਪਾਸ ਕੀਤੀ। ਲਾਹੌਰ ਨੈਸ਼ਨਲ ਕਾਲਜ ਤੋ ਆਪ ਜੀ ਨੇ ਬੀ.ਏ. ਪਾਸ ਕੀਤੀ। ਕਾਲਜ ਵਿੱਚ ਜਦੋਂ ਆਪ ਇਨਕਲਾਬੀ ਵਿਚਾਰਾਂ ਨਾਲ ਭਾਸ਼ਣ ਦਿੰਦੇ ਤਾਂ ਆਪ ਜੀ ਦੇ ਬਾਕੀ ਸਾਥੀ ਬਹੁਤ ਪ੍ਰਭਾਵਿਤ ਹੁੰਦੇ। ਆਪ ਜੀ ਦੇ ਮਾਤਾ-ਪਿਤਾ ਜੀ ਨੂੰ ਸ਼ਾਫ ਕਹਿ ਦਿੱਤਾ ਸੀ ਕਿ ਮੇਰੇ ਜੀਵਨ ਦੀ ਸੇਧ ਗ੍ਰਹਿਸਥੀ ਨਹੀਂ ਦੇਸ਼ ਦੀ ਅਜ਼ਾਦੀ ਹੈ। ਆਪ ਘਰ ਛੱਡ ਕੇ ਕਾਨਪੁਰ ਜਾ ਕੇ ਇਨਕਲਾਬੀਆਂ ਦੀ ਟੋਲੀ ਵਿੱਚ ਸ਼ਾਮਿਲ ਹੋ ਗਏ।
ਉਸ ਸਮੇਂ ਯੂ.ਪੀ. ਦੇ ਬਾਗੀਆ ਨੇ ਕਾਕੋਰੀ ਸਟੇਸ਼ਨ ਨੇੜੇ ਇੱਕ ਗੱਡੀ ਲੁੱਟ ਲਈ ਸੀ। ਇਨ੍ਹਾਂ ਦਿਨਾਂ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਲਾਲਾ ਲਾਜਪਤ ਰਾਏ ਦੇ ਵਿਰੋਧ ਕਰਨ ‘ਤੇ ਲਾਠੀਚਾਰਜ ਕਰਕੇ ਸ਼ਹੀਦ ਕਰ ਦਿੱਤਾ ਤਾਂ ਅੰਗਰੇਜ਼ ਸਰਕਾਰ ਦੇ ਅਜਿਹੇ ਜੁਲਮਾਂ ਨੂੰ ਵੇਖ ਕੇ ਸ਼ਹੀਦ ਭਗਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਖੂਨ ਨੇ ਉਬਾਲਾ ਖਾਧਾ ਅਤੇ ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਕੀਤਾ।
1928 ਦੀ ਸ਼ਾਮ ਨੂੰ ਚਾਰ ਵਜੇ ਆਪ ਆਪਣੇ ਦੋ ਸਾਥੀ ਪੁਲਿਸ ਦੇ ਦਫਤਰ ਕੋਲ ਪਹੁੰਚੇ । ਸਾਂਡਰਸ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਚਲ ਪਿਆ ਆਪ ਜੀ ਨੇ ਸ਼ਾਡਰਸ ਨੂੰ ਸਕਾਟ ਸਮਝਿਆ ਅਤੇ ਉਸ ਦਾ ਪਿੱਛਾ ਕੀਤਾ। ਜਦੋਂ ਸਾਂਡਰਸ ਲਾਹੌਰ ਕਾਲਜ ਦੇ ਸਾਹਮਣੇ ਹੀ ਸੀ ਰਾਜ ਗੁਰੂ ਅਤੇ ਭਗਤ ਸਿੰਘ ਦੀਆ ਗੋਲੀਆਂ ਨਾਲ ਉਹ ਚਿੱਤ ਹੋ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਪੁਲਿਸ ਆ ਗਈ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਗੋਲੀਆਂ ਚਲਾਉਂਦੇ ਹੋਏ ਭਗਤ ਸਿੰਘ ਅਤੇ ਸਾਥੀ ਬਚ ਨਿਕਲੇ। ਅਤੇ ਫਿਰ ਇਸ਼ਤਿਹਾਰ ਦੀਵਾਰਾਂ ਉੱਪਰ ਲਗਾ ਦਿੱਤੇ ਕਿ ਅਸੀਂ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈ ਲਿਆ ਹੈ। ਪਰ ਫਿਰ ਆਪ ਆਪਣੇ ਸਾਥਿਆ ਨਾਲ ਕਲਕੱਤਾ ਚਲੇ ਗਏ ਰਾਸਤੇ ਵਿੱਚ ਲਖਨਊ ਤੋਂ ਆਪਣੇ ਸਾਥੀ ਰਾਜਗੁਰੂ ਜੀ ਨਾਲੋ ਵਿੱਛੜ ਗਏ।
ਸਰਦਾਰ ਭਗਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀਆਂ ਕਰਵਾਈਆਂ ਹੋਰ ਤੇਜ਼ ਕਰ ਦਿੱਤੀਆਂ। ਅਪ੍ਰੈਲ 1929 ਈਸਵੀ ਵਿੱਚ ਆਪ ਨੇ ਸਾਥੀਆਂ ਨਾਲ ਮਿਲ ਕੇ ਦਿੱਲੀ ਅਸੈਂਬਲੀ ਹਾਲ ਵਿੱਚ ਦੋ ਬੰਬ ਸੁੱਟੇ। ਇਸ ਅਸ਼ੈਬਲੀ ‘ਚ ਵਾਇਰਸ ਰਾਏ ਨੇ ਲੋਕ ਵਿਰੋਧੀ ਬਿੱਲਾਂ ਨੂੰ ਆਪਣੇ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ। ਅਸੈਂਬਲੀ ਹਾਲ ਧੂੰਏਂ ਨਾਲ ਭਰ ਗਿਆ। ਸਾਰੇ ਪਾਸੇ ਭਾਜੜ ਮੱਚ ਗਈ। ਭਗਤ ਸਿੰਘ ਅਤੇ ਭਟਨੇਸ਼ਵਰ ਦੱਤ ਉੱਥੋ “ਇਨਕਲਾਬ ਜਿੰਦਾਬਾਦ” ਦੇ ਨਾਹਰੇ ਲਾਂਦਿਆਂ ਗ੍ਰਿਫਤਾਰੀ ਦੇ ਦਿੱਤੀ। ਦੋਨਾਂ ਨੂੰ ਦਿੱਲੀ ਦੀ ਜੇਲ ‘ਚ ਬੰਦ ਕਰ ਦਿੱਤਾ ਗਿਆ ਬਾਅਦ ਵਿੱਚ ਹੋਰ ਵੀ ਸਾਥੀ ਫੜੇ ਗਏ। ਜੇਲ ਦੇ ਕਰਮਚਾਰੀਆਂ ਦੇ ਵਤੀਰੇ ਵਿਰੁੱਧ ਇਨ੍ਹਾਂ ਨੇ ਭੁੱਖ ਹੜਤਾਲ ਵੀ ਕੀਤੀ। ਭਗਤ ਸਿੰਘ ਅਤੇ ਸਾਥੀਆਂ ‘ਤੇ ਮੁੱਕਦਮਾ ਚਲਦਾ ਰਿਹਾ । 1930 ਈਸਵੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਮੁਕਦਮੇ ਵਿੱਚ ਜਦੋਂ ਵੀ ਆਪ ਪੇਸ਼ੀ ਲਈ ਜਾਂਦੇ ਤਾ ਸ਼ੇਅਰ ਗਾਉਂਦੇ ਹੁੰਦੇ ਸਨ —
“ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇਂ ਹੈ।”
ਜਦੋਂ ਆਪ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਸਮੇਂ ਆਪਜੀ ਨੇ ਹੱਸਦਿਆਂ ਕਿਹਾ —
ਤੇਗੋ ਕੇ ਸਾਏ ਮੇਂ ਪਲ ਕਰ ਜਵਾਂ ਹੂਏ ਹੈਂ,
ਇੱਕ ਖੇਲ ਜਾਨਤੇ ਹੈ, ਫਾਂਸੀ ਪਰ ਝੂਲ ਜਾਨਾ
23 ਮਾਰਚ 1931 ਈਸਵੀ ਦੀ ਰਾਤ ਸਮੇਂ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ। ਲਾਹੌਰ ਤੋਂ ਬਾਹਰ ਫਿਰੋਜਪੁਰ ਦੇ ਕੋਲ ਸਤਲੁਜ ਦਰਿਆਦੇ ਕੰਢੇ ਲੈ ਜਾਇਆ ਗਿਆ। ਉੱਥੇ ਸਾੜ ਕੇ ਇਨ੍ਹਾਂ ਦੀ ਸੁਆਹ ਨੂੰ ਦਰਿਆ ਵਿੱਚ ਰੋੜ ਦਿੱਤਾ ਗਿਆ। ਪਰ ਦੇਸ਼ ਲਈ ਦਿੱਤੀ ਇਸ ਸ਼ਹੀਦੀ ਦੀ ਯਾਦਗਾਰ ਮੌਤ ਨੇ ਜਵਾਨਾਂ ਦੀ ਨਾੜੀ ਵਿੱਚ ਅਜਿਹਾ ਟੀਕਾ ਲਗਾਇਆ ਕਿ ਜਿਸ ਦੇ ਅਸਰ ਨੇ ਅੰਗਰੇਜਾਂ ਨੂੰ ਦੇਸ਼ ਵਿੱਚੋਂ ਕੱਢ ਕੇ ਹੀ ਖਤਮ ਕੀਤਾ। ਉਹੀ ਹੋਇਆ ਜੋ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੇ ਕਿਹਾ ਸੀ ਕਿ “ਮੇਰੇ ਖੂਨ ਦੀ ਹਰ ਬੂੰਦ ਸ਼ੈਕੜੇ ਅਤੇ ਹਜ਼ਾਰਾਂ ਦੇਸ਼ ਭਗਤ ਪੈਦਾ ਕਰੇਗੀ।”
– ਬਬੀਤਾ ਘਈ,
ਮਿੰਨੀ ਛਪਾਰ, ਜਿਲ੍ਹਾ ਲੁਧਿਆਣਾ
62390-83668