ਸ਼ਾਹਕੋਟ, 19 ਮਾਰਚ, ਹ.ਬ. : ਮੀਏਂਵਾਲ ਅਰਾਈਆਂ ਪਿੰਡ ਵਿਚ ਵੀਰਵਾਰ ਬਾਅਦ ਦੁਪਹਿਰ ਮਾਂ ਨੇ ਅਪਣੇ ਛੇ ਮਹੀਨੇ ਦੇ ਮਾਸੂਮ ਬੱਚੇ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਬੱਚੇ ਦੇ ਪਿਤਾ ਹਰਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਮੀਏਂਵਾਲ ਅਰਾਈਆਂ ਪਿੰਡ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਅਪਣੇ ਰਿਸ਼ਤੇਦਾਰ ਦੇ ਨਾਲ ਕਿਸੇ ਕੰਮ ਗਿਆ ਸੀ। ਕਰੀਬ ਦੋ ਵਜੇ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ 25 ਸਾਲਾ ਪਤਨੀ ਨਵਪ੍ਰੀਤ ਕੌਰ ਉਨ੍ਹਾਂ ਦੇ ਛੇ ਮਹੀਨੇ ਦੇ ਬੱਚੇ ਸਮਰਪ੍ਰੀਤ ਸਿੰਘ ਦਾ ਗਲ਼ਾ ਦਬਾ ਰਹੀ ਸੀ। ਜਿਵੇਂ ਹੀ ਉਸ ਨੇ ਦੇਖਿਆ ਤਾਂ ਸਮਰਪ੍ਰੀਤ ਨੂੰ ਛੱਡ ਕੇ ਫਰਾਰ ਹੋ ਗਈ। ਬੱਚੇ ਦਾ ਸਾਹ ਰੁਕ ਚੁੱਕਾ ਸੀ। ਉਹ ਤੁਰੰਤ ਉਸ ਨੂੰ ਸਿਵਲ ਹਸਪਤਾਲ ਸ਼ਾਹਕੋਟ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕੇਸ ਦਰਜ ਕਰਕੇ ਨਵਪ੍ਰੀਤ ਨੂੰ ਪਿੰਡ ਤੋਂ ਹੀ ਗ੍ਰਿਫਤਾਰ ਕਰ ਲਿਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਘਰ ਵਿਚ ਪੈਸੇ ਆਦਿ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ। ਫੇਰ ਵੀ ਇੱਕ ਵਾਰ ਪਤਨੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਹੈ। ਉਸ ਨੇ ਦੱਸਿਆ ਕਿ ਅਗਲੇ ਮਹੀਨੇ ਉਸ ਨੇ ਦੁਬਈ ਜਾਣਾ ਸੀ। ਛੋਟਾ ਭਰਾ ਵੀ ਦੁਬਈ ਵਿਚ ਕੰਮ ਕਰਦਾ ਹੈ। ਪਿੰਡ ਵਿਚ ਮਾਪੇ ਹੀ ਨਵਪ੍ਰੀਤ ਨਾਲ ਰਹਿੰਦੇ ਹਨ। ਥਾਣਾ ਇੰਚਾਰਜਜ ਸੁਰਿੰਦਰ ਨੇ ਦੱਸਿਆ ਕਿ ਜਾਂਚ ਵਿਚ ਗੱਲ ਸਾਹਮਣੇ ਆਈ ਕਿ ਬੱਚੇ ਦੀ ਗਰੋਥ ਘੱਟ ਸੀ, ਜਿਸ ਕਾਰਨ ਨਵਪ੍ਰੀਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਸ ਨੇ ਉਕਤ ਕਦਮ ਚੁੱਕਿਆ।

