ਸਕੂਲ ਤੋਂ ਪਰਤ ਰਹੇ 6 ਬੱਚਿਆਂ ਨੂੰ ਇਨੋਵਾ ਕਾਰ ਚਾਲਕ ਨੇ ਦਰੜਿਆ, 5 ਦੀ ਮੌਤ

ਜੈਪੁਰ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ‘ਚ ਬੁੱਧਵਾਰ ਦੁਪਹਿਰ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ 6 ਬੱਚਿਆਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 5 ਬੱਚਿਆਂ ਦੀ ਮੌਤ ਹੋ ਗਈ। ਇਕ ਬੱਚਾ ਜ਼ਖ਼ਮੀ ਹੈ। ਮਰਨ ਵਾਲਿਆਂ ‘ਚ 2 ਲੜਕੇ ਅਤੇ 3 ਲੜਕੀਆਂ ਹਨ। ਉਹ ਸਾਰੇ ਪੈਦਲ ਹੀ ਸਕੂਲ ਤੋਂ ਘਰ ਪਰਤ ਰਹੇ ਸਨ। ਉਸੇ ਸਮੇਂ ਕਰਡਾ-ਰਾਣੀਵਾੜਾ ਸੜਕ ‘ਤੇ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਦੋ ਲੜਕੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹਸਪਤਾਲ ਲਿਜਾਣ ਸਮੇਂ 3 ਬੱਚਿਆਂ ਨੇ ਦਮ ਤੋੜ ਦਿੱਤਾ। ਇਹ ਸਾਰੇ ਬੱਚੇ 9ਵੀਂ ਅਤੇ 10ਵੀਂ ਦੇ ਵਿਦਿਆਰਥੀ ਸਨ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਾਰੇ 6 ਬੱਚੇ ਇਕੱਠੇ ਚੱਲ ਰਹੇ ਸਨ। ਇਸ ਦੌਰਾਨ ਪਿੱਛਿਓਂ ਆ ਰਹੀ ਇਨੋਵਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਨੋਵਾ ਦੀ ਰਫ਼ਤਾਰ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਕਰਕੇ ਡਰਾਈਵਰ ਕਾਰੂ ਨੂੰ ਕਾਬੂ ਨਾ ਕਰ ਸਕਿਆ। ਕਾਰ ਸੜਕ ਤੋਂ ਉਤਰ ਗਈ ਅਤੇ ਫੁੱਟਪਾਥ ‘ਤੇ ਚੱਲ ਰਹੇ ਬੱਚਿਆਂ ਨੂੰ ਦਰੜ ਦਿੱਤਾ। ਟੱਕਰ ਹੋਣ ਮਗਰੋਂ ਬੱਚੇ ਹਵਾ ‘ਚ ਉਛਲ ਗਏ ਅਤੇ ਖੇਤ ‘ਚ ਡਿੱਗੇ।
2 ਲੜਕੀਆਂ ਰਮੀਲਾ ਅਤੇ ਰਵੀਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਨੌਵੀਂ ਜਮਾਤ ‘ਚ ਪੜ੍ਹਦੇ ਸਨ, ਜਦਕਿ ਸੁਰੇਸ਼, ਵਿਕਰਮ ਅਤੇ ਕਮਲਾ ਦੀ ਹਸਪਤਾਲ ਲਿਜਾਣ ਸਮੇਂ ਮੌਤ ਹੋ ਗਈ। ਸੁਰੇਸ਼ ਅਤੇ ਵਿਕਰਮ 9ਵੀਂ, ਜਦਕਿ ਕਮਲਾ 10ਵੀਂ ਜਮਾਤ ‘ਚ ਪੜ੍ਹਾਈ ਕਰ ਰਹੀ ਸੀ। 10ਵੀਂ ਜਮਾਤ ‘ਚ ਪੜ੍ਹ ਰਹੀ ਵੀਨਾ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ।
ਦੱਸਿਆ ਜਾ ਰਿਹਾ ਹੈ ਕਿ ਇਨੋਵਾ ‘ਤੇ 2 ਲੋਕ ਸਵਾਰ ਸਨ। ਇਨ੍ਹਾਂ ਵਿਚੋਂ ਇਕ ਨੂੰ ਪੁਲਿਸ ਨੇ ਫੜ ਲਿਆ ਹੈ। ਡਰਾਈਵਰ ਪੁਲਿਸ ਦੀ ਪਕੜ ਤੋਂ ਬਾਹਰ ਹੈ। ਉਹ ਨੇੜਲੇ ਕਰਡਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦਾ ਆਦੀ ਸੀ।

Video Ad
Video Ad