ਸਚਿਨ ਤੇਂਦੁਲਕਰ ਹਸਪਤਾਲ ‘ਚ ਦਾਖਲ, ਕਿਹਾ – ਛੇਤੀ ਠੀਕ ਹੋ ਕੇ ਘਰ ਪਰਤਾਂਗਾ

ਮੁੰਬਈ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੂੰ ਸ਼ੁੱਕਰਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਠੀਕ ਹਨ ਅਤੇ ਛੇਤੀ ਹੀ ਹਸਪਤਾਲ ਤੋਂ ਘਰ ਪਰਤ ਆਉਣਗੇ।
ਇੱਕ ਸੋਸ਼ਲ ਮੀਡੀਆ ਪੋਸਟ ‘ਚ ਸਚਿਨ ਨੇ ਲਿਖਿਆ, “ਤੁਹਾਡੀਆਂ ਇੱਛਾਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਮੈਨੂੰ ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਤਾਂ ਜੋ ਪੂਰੀ ਸਾਵਧਾਨੀ ਵਰਤੀ ਜਾ ਸਕੇ। ਉਮੀਦ ਹੈ ਕਿ ਮੈਂ ਕੁਝ ਦਿਨਾਂ ‘ਚ ਘਰ ਆ ਜਾਵਾਂਗਾ। ਧਿਆਨ ਰੱਖੋ ਅਤੇ ਸਾਰੇ ਸੁਰੱਖਿਅਤ ਰਹੋ।”
ਇਸ ਪੋਸਟ ‘ਚ ਸਚਿਨ ਨੇ ਭਾਰਤ ਦੀ ਵਿਸ਼ਵ ਕੱਪ ਦੀ ਜਿੱਤ ਨੂੰ ਵੀ ਯਾਦ ਕੀਤਾ, ਜੋ 10 ਸਾਲ ਪਹਿਲਾਂ ਇਸੇ ਦਿਨ ਹੋਈ ਸੀ। ਸਚਿਨ ਤੇਂਦੁਲਕਰ ਵਿਸ਼ਵ ਕੱਪ ਦੀ ਜੇਤੂ ਟੀਮ ‘ਚ ਸ਼ਾਮਲ ਸਨ। ਉਨ੍ਹਾਂ ਲਿਖਿਆ, “ਸਾਡੀ ਵਿਸ਼ਵ ਕੱਪ ਦੀ ਜਿੱਤ ਦੀ 10ਵੀਂ ਵਰ੍ਹੇਗੰਢ ‘ਤੇ ਸਮੂਹ ਭਾਰਤੀਆਂ ਅਤੇ ਮੇਰੇ ਸਾਥੀਆਂ ਨੂੰ ਸ਼ੁੱਭਕਾਮਨਾਵਾਂ।”

Video Ad

ਸਚਿਨ ਦੀ ਰਿਪੋਰਟ 5 ਦਿਨ ਪਹਿਲਾਂ ਪਾਜ਼ੀਟਿਵ ਆਈ ਸੀ
ਸਚਿਨ ਤੇਂਦੁਲਕਰ ਬੀਤੀ 27 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ‘ਚ ਦਿੱਤੀ ਸੀ। ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 47 ਸਾਲਾ ਸਚਿਨ ਹਾਲ ਹੀ ‘ਚ ਛੱਤੀਸਗੜ੍ਹ ‘ਚ ਵਰਲਡ ਰੋਡ ਸੇਫ਼ਟੀ ਸੀਰੀਜ਼ ‘ਚ ਸ਼ਾਮਲ ਹੋਏ ਸਨ। ਵਿਸ਼ਵ ਦੇ ਕਈ ਸਾਬਕਾ ਕ੍ਰਿਕਟਰਾਂ ਨੇ ਵੀ ਇਸ ਟੂਰਨਾਮੈਂਟ ‘ਚ ਹਿੱਸਾ ਲਿਆ ਸੀ।

ਯੂਸੁਫ਼ ਪਠਾਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ
ਸਚਿਨ ਤੇਂਦੁਲਕਰ ਦੇ ਨਾਲ ਹੀ ਰੋਡ ਸੇਫ਼ਟੀ ਵਰਲਡ ਸੀਰੀਜ਼ ‘ਚ ਖੇਡਣ ਵਾਲੇ ਯੂਸੁਫ਼ ਪਠਾਨ, ਇਰਫ਼ਾਨ ਪਠਾਨ, ਸੁਬਰਾਮਨੀਅਮ ਬਦਰੀਨਾਥ ਵੀ ਕੋਵਿਡ ਪਾਜ਼ੀਟਿਵ ਪਾਏ ਗਏ। ਯੂਸੁਫ਼ ਪਠਾਨ ਇਸ ਲੜੀ ‘ਚ ਇੰਡੀਆ ਲੈਜੇਂਡਜ਼ ਲਈ ਖੇਡੇ ਸਨ ਅਤੇ ਮੈਨ ਆਫ਼ ਦੀ ਟੂਰਨਾਮੈਂਟ ਚੁਣੇ ਗਏ ਸਨ। ਸਚਿਨ ਇੰਡੀਆ ਲੈਜੇਂਡਸ ਟੀਮ ਦੇ ਕਪਤਾਨ ਸਨ। ਸਚਿਨ ਨੇ ਭਾਰਤ ਲਈ 463 ਵਨਡੇ ਮੈਚਾਂ ‘ਚ 44.03 ਦੀ ਔਸਤ ਨਾਲ 18,426 ਦੌੜਾਂ ਬਣਾਈਆਂ ਹਨ, ਜਦਕਿ 200 ਟੈਸਟ ਮੈਚਾਂ ‘ਚ ਉਨ੍ਹਾਂ ਨੇ 53.79 ਦੀ ਔਸਤ ਨਾਲ 15,921 ਦੌੜਾਂ ਬਣਾਈਆਂ ਹਨ।

Video Ad