
ਮੁੰਬਈ/ਨਵੀਂ ਦਿੱਲੀ/ਚੰਡੀਗੜ੍ਹ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਦੇ ਅਸਰਦਾਰ ਹੋਣ ਬਾਰੇ ਹੱਥ ਖੜ੍ਹੇ ਕਰਨ ਮਗਰੋਂ ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਪਰੇਸ਼ ਰਾਵਲ ਵਾਇਰਸ ਦੀ ਲਪੇਟ ਵਿਚ ਆ ਗਏ ਹਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਟੀਕਾ ਲਵਾਇਆ ਸੀ। ਦੂਜੇ ਪਾਸੇ ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ ਦੀ ਰਿਪੋਰਟ ਵੀ ਪੌਜ਼ੇਟਿਵ ਆ ਗਈ। ਸਚਿਨ ਤੇਂਦੂਲਕਰ ਅਤੇ ਪਰੇਸ਼ ਰਾਵਲ ਦੋਹਾਂ ਨੇ ਸੋਸ਼ਲ ਮੀਡੀਆ ਰਾਹੀਂ ਕੋਰੋਨਾ ਦੀ ਲਪੇਟ ਵਿਚ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਨੂੰ ਕੁਆਰਨਟੀਨ ਕਰ ਲਿਆ ਹੈ। ਸਚਿਨ ਤੇਂਦੂਲਕਰ ਨੇ ਕਿਹਾ ਕਿ ਉਨ੍ਹਾਂ ਦੇ ਬਾਕੀ ਪਰਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਚਿਨ ਕਿਹਾ ਕਿ ਉਹ ਹਰ ਤਰ੍ਹਾਂ ਦੇ ਅਹਿਤਿਆਤ ਵਰਤ ਰਹੇ ਸਨ ਪਰ ਇਸ ਦੇ ਬਾਵਜੂਦ ਵਾਇਰਸ ਦੀ ਲਾਗ ਲੱਗ ਗਈ। ਦੱਸ ਦੇਈਏ ਕਿ ਸਚਿਨ ਤੇਂਦੂਲਕਰ ਨੇ 7 ਮਾਰਚ ਤੋਂ 21 ਮਾਰਚ ਤੱਕ ਰੋਡ ਸੇਫ਼ਟੀ ਵਰਲਡ ਸੀਰੀਜ਼ ਵਿਚ ਹਿੱਸਾ ਲਿਆ ਸੀ। ਹਰ ਮੈਚ ਤੋਂ ਪਹਿਲਾਂ ਖਿਡਾਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਸੀ ਪਰ ਸੀਰੀਜ਼ ਖ਼ਤਮ ਹੋਣ ਮਗਰੋਂ ਸਚਿਨ ਵਾਇਰਸ ਦੀ ਲਪੇਟ ਵਿਚ ਆ ਗਏ। ਉਧਰ ਫ਼ਿਲਮ ਅਦਾਕਾਰ ਅਤੇ ਸਿਆਸਤਦਾਨ ਪਰੇਸ਼ ਰਾਵਲ ਕੋਰੋਨਾ ਵੈਕਸੀਨ ਦੀ ਟੀਕਾ ਲਵਾਉਣ ਦੇ ਬਾਵਜੂਦ ਵਾਇਰਸ ਤੋਂ ਬਚ ਨਾ ਸਕੇ। ਪਰੇਸ਼ ਰਾਵਲ ਨੇ ਵੀ ਸ਼ਨਿੱਚਰਵਾਰ ਨੂੰ ਰਿਪੋਰਟ ਪੌਜ਼ੇਟਿਵ ਆਉਣ ਦੀ ਪੁਸ਼ਟੀ ਕਰ ਦਿਤੀ।