ਸਚਿਨ ਵਾਜੇ ਦੀ ਹਿਰਾਸਤ 9 ਅਪ੍ਰੈਲ ਤਕ ਵਧੀ, ਸੀਬੀਆਈ ਕਰੇਗੀ ਪੁੱਛਗਿੱਛ

ਮੁੰਬਈ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਮੁਅੱਤਲ ਮੁੰਬਈ ਪੁਲਿਸ ਅਧਿਕਾਰੀ ਸਚਿਨ ਵਾਜੇ ਦੀ ਦੋ ਦਿਨ ਦੀ ਹੋਰ ਪੁਲਿਸ ਰਿਮਾਂਡ ਮਿਲ ਗਈ ਹੈ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸਚਿਨ ਵਾਜੇ ਨੂੰ 9 ਅਪ੍ਰੈਲ ਤਕ ਰਿਮਾਂਡ ‘ਤੇ ਭੇਜ ਦਿੱਤਾ ਹੈ। ਅਦਾਲਤ ਨੇ ਸੀਬੀਆਈ ਨੂੰ ਇਸ ਦੌਰਾਨ ਸਚਿਨ ਵਾਜੇ ਤੋਂ ਪੁੱਛਗਿੱਛ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਐਨਆਈਏ ਨੇ ਬੁੱਧਵਾਰ ਨੂੰ ਵਾਜੇ ਨੂੰ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ।

Video Ad

ਐਨਆਈਏ ਨੇ ਸਚਿਨ ਵਾਜੇ ਦੀ ਹੋਰ 4 ਦਿਨ ਦੀ ਰਿਮਾਂਡ ਮੰਗੀ ਸੀ। ਇਸ ‘ਤੇ ਸਚਿਨ ਵਾਜੇ ਦੇ ਵਕੀਲ ਨੇ ਕਿਹਾ ਕਿ ਉਹ ਐਨਆਈਏ ਦੀ ਮੰਗ ਦਾ ਵਿਰੋਧ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੀਬੀਆਈ ਜਾਂਚ ‘ਚ ਵੀ ਸਹਿਯੋਗ ਕਰਨ ਲਈ ਤਿਆਰ ਹਨ। ਹਾਲਾਂਕਿ ਉਨ੍ਹਾਂ ਇਤਰਾਜ਼ ਜਤਾਇਆ ਕਿ ਸਚਿਨ ਵਾਜੇ ਨੂੰ ਹੱਥਕੜੀਆਂ ਨਾਲ ਸੀਐਸਐਮਟੀ ਸਟੇਸ਼ਨ ਲਿਜਾਇਆ ਗਿਆ ਸੀ। ਐਨਆਈਏ ਨੇ ਮੁਅੱਤਲ ਮੁੰਬਈ ਪੁਲਿਸ ਦੇ ਕਾਂਸਟੇਬਲ ਵਿਨਾਇਕ ਸ਼ਿੰਦੇ ਅਤੇ ਨਰੇਸ਼ ਧਰੇ ਦੀ ਨਿਆਂਇਕ ਹਿਰਾਸਤ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਨੂੰ ਮਨਸੁਖ ਹੀਰੇਨ ਕਤਲ ਦੇ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮੁੰਬਈ ਪੁਲਿਸ ਨੂੰ 25 ਫ਼ਰਵਰੀ ਦੀ ਦੁਪਹਿਰ 3 ਵਜੇ ਜੈਲੇਟਿਨ ਨਾਲ ਭਰੀ ਹਰੇ ਰੰਗ ਦੀ ਸਕਾਰਪੀਓ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਖੜ੍ਹੀ ਮਿਲੀ ਸੀ। ਸਕਾਰਪੀਓ ‘ਚ ਇਕ ਧਮਕੀ ਭਰੀ ਚਿੱਠੀ ਵੀ ਸੀ। ਸੀਸੀਟੀਵੀ ਫੁਟੇਜ਼ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਗੱਡੀ ਰਾਤ ਦੇ 1 ਵਜੇ ਖੜ੍ਹੀ ਕੀਤੀ ਗਈ ਸੀ। 5 ਮਾਰਚ ਨੂੰ ਇਸ ਸਕਾਰਪੀਓ ਦੇ ਮਾਲਕ ਮਨਸੁਖ ਹੀਰੇਨ ਦੀ ਲਾਸ਼ ਕਾਲਵਾ ਦੀ ਖਾੜੀ ਤੋਂ ਬਰਾਮਦ ਕੀਤੀ ਗਈ। ਪੁਲਿਸ ਨੇ ਪਹਿਲਾਂ ਇਸ ਨੂੰ ਖੁਦਕੁਸ਼ੀ ਦੱਸਿਆ ਸੀ ਅਤੇ ਫਿਰ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਵੱਲੋਂ ਵਿਧਾਨ ਸਭਾ ‘ਚ ਇਹ ਕੇਸ ਚੁੱਕਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਜਾਂਚ ਮਹਾਰਾਸ਼ਟਰ ਏਟੀਐਸ ਦੇ ਹਵਾਲੇ ਕਰ ਦਿੱਤੀ ਸੀ। ਏਟੀਐਸ ਨੇ ਕਤਲ ਦਾ ਕੇਸ ਦਰਜ ਕਰਕੇ ਇਸ ਮਾਮਲੇ ‘ਚ ਸਾਬਕਾ ਕਾਂਸਟੇਬਲ ਵਿਨਾਇਕ ਸ਼ਿੰਦੇ ਅਤੇ ਬੁਕੀ ਨਰੇਸ਼ ਗੋਰੇ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਐਨਆਈਏ ਨੇ ਏਟੀਐਸ ਤੋਂ ਕੇਸ ਆਪਣੇ ਹੱਥ ‘ਚ ਲੈ ਲਿਆ ਅਤੇ ਹੁਣ ਐਨਆਈਏ ਇਸ ਕੇਸ ਦੀ ਜਾਂਚ ਕਰ ਰਹੀ ਹੈ।

Video Ad