ਸਰਕਾਰੀ ਕੰਪਨੀਆਂ ਵੇਚ ਰਹੀ ਹੈ ਕੇਂਦਰ ਸਰਕਾਰ, ਸਿਰਫ਼ ਨਰਿੰਦਰ ਮੋਦੀ ਦੇ ‘ਝੂਠ ਦੀ ਫ਼ੈਕਟਰੀ’ ਹੀ ਬਚੇਗੀ : ਮਮਤਾ ਬੈਨਰਜੀ

ਕੋਲਕਾਤਾ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਤ੍ਰਿਣਮੂਲ ਕਾਂਗਰਸ (ਟੀਐਮਸੀ) ਮੁਖੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਭਾਜਪਾ ‘ਤੇ ਆਦਿਵਾਦੀ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਦਿਵਾਸੀਆਂ ਦੇ ਜ਼ਮੀਨੀ ਅਧਿਕਾਰਾਂ ਨੂੰ ਬਹਾਲ ਕੀਤਾ ਹੈ। ਪੁਰੂਲੀਆ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਝਾਰਖੰਡ ਦਾ ਹਵਾਲਾ ਦਿੱਤਾ।
ਮਮਤਾ ਨੇ ਕਿਹਾ, “ਝਾਰਖੰਡ ਦੇ ਜਮਸ਼ੇਦਪੁਰ ‘ਚ ਭਾਜਪਾ ਸਰਕਾਰ ਨੇ ਆਦਿਵਾਸੀਆਂ ਤੋਂ ਜ਼ਮੀਨੀ ਹੱਕ ਖੋਹ ਲਏ ਸਨ ਪਰ ਸਾਡੀ ਸਰਕਾਰ ਨੇ ਆਦਿਵਾਸੀਆਂ ਨੂੰ ਜ਼ਮੀਨੀ ਹੱਕ ਬਹਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਕੰਪਨੀਆਂ ਨੂੰ ਵੇਚ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਰਫ਼ ‘ਝੂਠ ਦੀ ਫ਼ੈਕਟਰੀ’ ਹੀ ਬਚੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਬੰਗਾਲ ‘ਚ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਪਰ ਭਗਵਾ ਪਾਰਟੀ ਅਸਾਮ ਤੇ ਤ੍ਰਿਪੁਰਾ ‘ਚ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮੈਨਫ਼ੈਸਟੋ ‘ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਤੋਂ ਮੁਕਰ ਗਈ।
ਮਮਤਾ ਨੇ ਦਾਅਵਾ ਕੀਤਾ ਕਿ ਉੱਤਰ-ਪੂਰਬ ਦੇ ਇਨ੍ਹਾਂ ਦੋਵਾਂ ਸੂਬਿਆਂ ‘ਚ ਭਾਜਪਾ ਦੀਆਂ ਸਰਕਾਰਾਂ ਨੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਉਹ ਸਾਰੇ ਕੇਂਦਰੀ ਅਦਾਰਿਆਂ ਨੂੰ ਬੰਦ ਕਰ ਰਹੇ ਹਨ। ਸਿਰਫ਼ ਇਕ ਫ਼ੈਕਟਰੀ ਬਚੇਗੀ, ਜੋ ਨਰਿੰਦਰ ਮੋਦੀ ਦੇ ਝੂਠ ਅਤੇ ਭਾਜਪਾ ਦੇ ਧੋਖੇ ਦੀ ਹੈ।”
ਹੋਰ ਚੋਣ ਰੈਲੀਆਂ ਦੀ ਤਰ੍ਹਾਂ ਮਮਤਾ ਨੇ ਇੱਥੇ ਵੀ ਚੰਡੀ ਪਾਠ ਦਾ ਜਾਪ ਕਰਦਿਆਂ ਲੋਕਾਂ ਨੂੰ ਸੰਪ੍ਰਦਾਇਕ ਰਾਜਨੀਤੀ ‘ਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ‘ਬਾਹਰੀ ਗੁੰਡਿਆਂ’ ਨੂੰ ਵੋਟ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਧਮਕੀ ਤੋਂ ਨਹੀਂ ਡਰਦੀ ਅਤੇ ਜੇਕਰ ਧਮਕੀ ਦਿੱਤੀ ਗਈ ਤਾਂ ਉਹ ਉਸ ਦਾ ਮੁਕਾਬਲਕ ਕਰਨਗੇ।

Video Ad
Video Ad