
ਚੰਡੀਗੜ੍ਹ, 22 ਫਰਵਰੀ, ਹ.ਬ. : ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਕਿਰਾਏ ਵਿੱਚ ਜ਼ੀਰੋ ਵਾਧਾ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਸਵਾਰੀ ਦੀ ਸਹੂਲਤ ਨੇ ਪੰਜਾਬ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਸੂਬੇ ਵਿੱਚ ਪ੍ਰਾਈਵੇਟ ਬੱਸ ਟਰਾਂਸਪੋਰਟਰ ਪਹਿਲਾਂ ਹੀ 30 ਫੀਸਦੀ ਬੱਸਾਂ ਨੂੰ ਸੜਕਾਂ ਤੋਂ ਉਤਾਰ ਚੁੱਕੇ ਹਨ ਅਤੇ ਬਾਕੀ ਰਹਿੰਦੀਆਂ ਜ਼ਿਆਦਾਤਰ ਬੱਸਾਂ ਵੀ ਅਗਲੇ ਕੁਝ ਮਹੀਨਿਆਂ ਵਿੱਚ ਸੜਕਾਂ ਤੋਂ ਉਤਰ ਸਕਦੀਆਂ ਹਨ। ਪੰਜਾਬ ਮੋਟਰ ਯੂਨੀਅਨ (ਪੀਐਮਯੂ) ਦਾ ਕਹਿਣਾ ਹੈ ਕਿ ਬੱਸਾਂ ਚਲਾਉਣਾ ਹੁਣ ਉਨ੍ਹਾਂ ਦੇ ਵੱਸ ਵਿੱਚ ਨਹੀਂ ਰਿਹਾ। ਸੂਬੇ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਹਾਲਤ ਇਹ ਹੈ ਕਿ ਪਿਛਲੇ ਇੱਕ ਸਾਲ ਵਿੱਚ 30 ਬੱਸ ਅਪਰੇਟਰਾਂ ਨੇ ਕਾਰੋਬਾਰ ਬੰਦ ਕਰਕੇ 250 ਬੱਸਾਂ ਵੇਚ ਦਿੱਤੀਆਂ ਹਨ।