ਸਰਕਾਰ ਨੇ ਪੈਨਸ਼ਨਰਾਂ ਨੂੰ ਦਿੱਤੀ ਵੱਡੀ ਰਾਹਤ – ਹੁਣ ਲਾਈਫ਼ ਸਰਟੀਫ਼ਿਕੇਟ ਜਮਾਂ ਕਰਵਾਉਣ ਲਈ ਨਹੀਂ ਦੇਣਾ ਪਵੇਗਾ ਆਧਾਰ ਕਾਰਡ

ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੈਨਸ਼ਨਰਾਂ ਨੂੰ ਹੁਣ ਡਿਜ਼ੀਟਲ ਲਾਈਫ਼ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਨਵੇਂ ਨਿਯਮ ਤਹਿਤ ਪੈਨਸ਼ਨਰਾਂ ਨੂੰ ਹੁਣ ਡਿਜ਼ੀਟਲੀ ਤੌਰ ‘ਤੇ ਲਾਈਫ਼ ਸਰਟੀਫ਼ਿਕੇਟ ਲੈਣ ਲਈ ਆਧਾਰ ਕਾਰਡ ਨੂੰ ਆਪਸ਼ਨਲ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਦੇਸ਼ ਐਪ ਅਤੇ ਜਨਤਕ ਦਫ਼ਤਰਾਂ ‘ਚ ਹਾਜ਼ਰੀ ਲਗਵਾਉਣ ਲਈ ਆਧਾਰ ਪ੍ਰਮਾਣੀਕਰਣ ਨੂੰ ਆਪਸ਼ਨਲ ਕਰ ਦਿੱਤਾ ਗਿਆ ਹੈ।
ਕਈ ਪੈਨਸ਼ਨਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਆਧਾਰ ਕਾਰਡ ਨਾ ਹੋਣ ਕਾਰਨ ਉਨ੍ਹਾਂ ਨੂੰ ਪੈਨਸ਼ਨ ਲੈਣ ‘ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਉਨ੍ਹਾਂ ਦੇ ਅੰਗੂਠੇ ਦੇ ਨਿਸ਼ਾਨ ਮੇਲ ਨਹੀਂ ਖਾ ਰਹੇ। ਇਸ ਦੇ ਲਈ ਜਿੱਥੇ ਕੁਝ ਸਰਕਾਰੀ ਸੰਗਠਨਾਂ ਨੇ 2018 ‘ਚ ਇਕ ਬਦਲਵਾਂ ਰਸਤਾ ਅਪਣਾ ਲਿਆ ਸੀ, ਉੱਥੇ ਹੀ ਹੁਣ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਡਿਜ਼ੀਟਲ ਲਾਈਫ਼ ਸਰਟੀਫ਼ਿਕੇਟ ਜਾਰੀ ਕਰਨ ਲਈ ਆਧਾਰ ਨੂੰ ਆਪਸ਼ਨਲ ਬਣਾ ਦਿੱਤਾ ਗਿਆ ਹੈ।
ਪੈਨਸ਼ਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਹਰ ਸਾਲ ਨਵੰਬਰ ‘ਚ ਪੈਨਸ਼ਨ ਅਕਾਊਂਟ ਵਾਲੇ ਬੈਂਕ ‘ਚ ਲਾਈਫ਼ ਸਰਟੀਫ਼ਿਕੇਟ ਜਮਾਂ ਕਰਨਾ ਹੁੰਦਾ ਹੈ। ਲਾਈਫ਼ ਸਰਟੀਫ਼ਿਕੇਟ ਇਸ ਗੱਲ ਦਾ ਸਬੂਤ ਹੈ ਕਿ ਪੈਨਸ਼ਨਰ ਜ਼ਿੰਦਾ ਹੈ। ਇਸ ਨੂੰ ਜਮਾਂ ਨਾ ਕਰਵਾਉਣ ‘ਤੇ ਪੈਨਸ਼ਨ ਬੰਦ ਹੋ ਸਕਦੀ ਹੈ। ਡਿਜ਼ੀਟਲ ਲਾਈਫ਼ ਸਰਟੀਫ਼ਿਕੇਟ ਜਮਾਂ ਕਰਨ ਦੀ ਸਹੂਲਤ ਸਾਲ 2017 ਤੋਂ ਸ਼ੁਰੂ ਕੀਤੀ ਗਈ ਸੀ।
ਡਿਜ਼ੀਟਲ ਲਾਈਫ਼ ਸਰਟੀਫ਼ਿਕੇਟ ਤੋਂ ਇਲਾਵਾ ਸਰਕਾਰੀ ਦਫ਼ਤਰਾਂ ‘ਚ ਹਾਜ਼ਰੀ ਲਾਜ਼ਮੀ ਹੋਣ ਲਈ ਬਣਾਏ ਗਏ ਸੰਦੇਸ਼ਐਪ ਲਈ ਆਧਾਰ ਤਸਦੀਕ ਨੂੰ ਆਪਸ਼ਨਲ ਬਣਾ ਦਿੱਤਾ ਗਿਆ ਹੈ। ਸੰਦੇਸ਼ ਇੰਸਟੈਂਟ ਮੈਸੇਜਿੰਗ ਸੋਲਿਊਸ਼ਨ ਐਪ ਹੈ, ਜੋ ਸਰਕਾਰੀ ਦਫ਼ਤਰਾਂ ‘ਚ ਮੁਲਾਜ਼ਮਾਂ ਦੀ ਮੌਜੂਦਗੀ ਲਈ ਬਣਾਇਆ ਗਿਆ ਹੈ। ਹੁਣ ਸਰਕਾਰੀ ਮੁਲਾਜ਼ਮਾਂ ਨੂੰ ਇਸ ਰਾਹੀਂ ਹੀ ਹਾਜ਼ਰੀ ਲਗਾਉਣੀ ਹੁੰਦੀ ਹੈ।
ਨੈਸ਼ਨਲ ਇਨਫ਼ੋਰਮੈਟਿਕਸ ਸੈਂਟਰ (ਐਨਆਈਸੀ) ਨੇ ਇਸ ਸਾਲ ਫ਼ਰਵਰੀ ‘ਚ ਵਸਟਐਪ ਦੀ ਤਰ੍ਹਾਂ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ‘ਸਦੇਸ਼’ ਲਾਂਚ ਕੀਤਾ ਸੀ। ਵਟਸਐਪ ਦੀ ਤਰ੍ਹਾਂ ਸੰਦੇਸ਼ ਨਾਲ ਵੀ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਰਾਹੀਂ ਮੈਸੇਜ਼ ਭੇਜੇ ਜਾ ਸਕਦੇ ਹਨ। ਪਹਿਲਾਂ ਇਹ ਸਾਰੇ ਸਰਕਾਰੀ ਮੁਲਾਜ਼ਮਾਂ ਲਈ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਸ ਨੂੰ ਸਾਰੇ ਲੋਕਾਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਸੰਦੇਸ਼ ਐਪ ਅਤੇ ਜਨਤਕ ਦਫ਼ਤਰਾਂ ‘ਚ ਹਾਜ਼ਰੀ ਲਗਵਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

Video Ad
Video Ad