ਸਵਾਰਥੀ ਰਾਜਨੀਤੀ ਨੇ ਲੋਕਾਂ ਵਿਚੋਂ ਆਜ਼ਾਦੀ ਦਾ ਖ਼ਤਮ ਕੀਤਾ ਚਾਅ

ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਨੇਤਾਵਾਂ ਨੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸਾਨੂੰ ਸਾਥ ਦਿਓ, ਅਸੀਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿਆਂਗੇ। ਆਜ਼ਾਦ ਭਾਰਤ ਵਿੱਚ ਸਭ ਲਈ ਰੋਟੀ, ਕੱਪੜੇ ਤੇ ਮਕਾਨ ਦਾ ਪ੍ਰਬੰਧ ਹੋਵੇਗਾ। ਨਾ ਕੋਈ ਮਾਲਕ ਹੋਵੇਗਾ ਤੇ ਨਾ ਹੀ ਕੋਈ ਨੌਕਰ ਹੋਵੇਗਾ। ਨਾ ਕੋਈ ਜ਼ਿਮੀਂਦਾਰ ਹੋਵੇਗਾ ਤੇ ਨਾ ਹੀ ਕੋਈ ਮੁਜ਼ਾਰਾ ਹੋਵੇਗਾ। ਨਾ ਕੋਈ ਊਚ ਹੋਵੇਗਾ ਤੇ ਨਾ ਹੀ ਕੋਈ ਨੀਚ ਹੋਵੇਗਾ ਸਭ ਸਮਾਨ ਹੋਣਗੇ। ਜਨਤਾ ਨੇ ਜਾਤ, ਮਜ਼ਹਬ, ਧਰਮ ਤੋਂ ਉੱਪਰ ਉੱਠ ਕੇ ਨੇਤਾਵਾਂ ਦਾ ਸਿਰਫ਼ ਸਾਥ ਨਹੀਂ ਬਲਕਿ ਕੁਰਬਾਨੀਆਂ ਵੀ ਦਿੱਤੀਆਂ।
ਦੇਸ਼ ਅਜ਼ਾਦ ਹੋ ਗਿਆ, ਸੱਤਾ ਬਦਲ ਗਈ। ਆਜ਼ਾਦੀ ਤੋਂ ਪਹਿਲਾਂ ਜੋ ਕੇਵਲ ਛੋਟੇ ਮੰਤਰੀ ਸਨ, ਉਹ ਵੱਡੇ ਸੰਪੂਰਨ ਸੱਤਾਧਾਰੀ ਬਣ ਗਏ। ਟਾਟਾ, ਬਿਰਲਾ, ਅੰਬਾਨੀ ਜੋ ਪਹਿਲਾਂ ਇਜਾਰੇਦਾਰ ਸਨ , ਉਹ ਸਮੰਤਸ਼ਾਹ ਅਤੇ ਪੂੰਜੀਵਾਦ ਬਣ ਗਏ। ਇਸ ਤਰ੍ਹਾਂ ਸੱਤਾ ਤਾਂ ਜ਼ਰੂਰ ਬਦਲੀ, ਪ੍ਰੰਤੂ ਮਾਲਕੀ ਨਹੀਂ ਬਦਲੀ। ਆਗੂਆਂ ਦੇ ਸੰਪੂਰਨ ਕ੍ਰਾਂਤੀ , ਗਰੀਬੀ ਹਟਾਓ ਅਤੇ ਦਲਿਤ ਮਜ਼ਦੂਰ, ਕਿਸਾਨ ਦੇ ਉਥਾਨ ਜਿਹੇ ਸਭ ਨਾਅਰੇ ਬੋਗਸ ਸਿੱਧ ਹੋਏ ਹਨ।
ਰਾਜਨੀਤੀ ਸਵਾਰਥ ਦੇ ਸਿਖਰ ਤੇ ਪੁੱਜ ਗਈ ਹੈ। ਸਮਾਜਿਕ ਅਤੇ ਆਰਥਿਕ ਸਮਾਨਤਾ ਸਥਾਪਿਤ ਕਰਨ ਦੀ ਬਜਾਇ, ਸਭ ਪਾਰਟੀਆਂ ਸਮਾਨ ਰੂਪ ਵਿੱਚ ਸਰਕਾਰ ਬਣਾਉਣ ਲਈ ਸਭ ਅਸੂਲ ਛਿੱਕੇ ਟੰਗ ਦਿੰਦੀਆਂ ਹਨ। ਮਜ਼ਹਬਵਾਦੀ, ਜਾਤੀਵਾਦੀ, ਡੇਰਾਵਾਦੀ , ਸਾਮੰਤਵਾਦੀ ਅਤੇ ਪੂੰਜੀਵਾਦੀ ਤੱਤ ਹੀ ਇਹਨਾਂ ਪਾਰਟੀਆਂ ਦਾ ਭਵਿੱਖ ਤੈਅ ਕਰਦੇ ਹਨ। ਰਾਜਨੀਤਕ ਲੋਕਾਂ ਅਧਿਕਾਰੀਆਂ ਅਤੇ ਪ੍ਰੋਹਿਤਾ ਦੀ ਇਸ ਸੋਚ ਨੇ ਇਖਲਾਕੀ ਕਦਰਾਂ-ਕੀਮਤਾਂ ਨੂੰ ਮਸਲ ਕੇ, ਜੀਵਨ ਵਿੱਚ ਭ੍ਰਿਸ਼ਟਾਚਾਰ ਤੇ ਅਨੈਤਿਕਤਾ ਨੂੰ ਆਧਾਰ ਬਣਾ ਲਿਆ ਹੈ। ਰਾਜਨੀਤਕ ਲੋਕ ਹੀ ਪੂੰਜੀਪਤੀਆਂ, ਸਰਮਾਏਦਾਰਾਂ, ਇਜ਼ਾਰੇਦਾਰਾਂ, ਸਮਗਲਰਾਂ, ਬਲੈਕ ਮਾਰਕੀਟੀਆਂ ਤੇ ਅਪਰਾਧੀਆਂ ਪਾਸੋਂ ਮੋਟੀਆਂ ਰਕਮਾਂ ਲੈਕੇ ਉਨ੍ਹਾਂ ਨੂੰ ਸ਼ਰਨ ਦਿੰਦੇ ਹਨ। ਲੀਡਰਾਂ, ਅਧਿਕਾਰੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਮਿਲੀਭੁਗਤ ਕਾਰਨ ਹੀ ਨੌਕਰਸ਼ਾਹੀ ਕਾਇਦੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੀ ਹੈ।
ਵਿੱਦਿਆ ਦੇ ਵਪਾਰੀਕਰਨ ਨੇ ਗਰੀਬ ਮਜ਼ਦੂਰ ਅਤੇ ਪੱਛੜੇ ਸਮਾਜ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਉਹ ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ ਬੱਚੇ ਭੇਜਣ ਤੋਂ ਅਸਮਰੱਥ ਹਨ। ਉਹ ਬੇਕਾਰ ਹੋ ਚੁੱਕੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪਾਉਣ ਲਈ ਮਜ਼ਬੂਰ ਹਨ। ਸਰਕਾਰੀ ਸਕੂਲਾਂ ਵਿੱਚ ਨਾ ਲੋੜੀਦੇ ਕਮਰੇ ਅਤੇ ਨਾ ਹੀ ਪੜਾਉਣ ਲਈ ਅਧਿਆਪਕ ਅਤੇ ਸਹਾਇਕ ਸਮੱਗਰੀ ਹੈ। ਨੋਜਵਾਨ ਵਰਗ ਬੇਕਾਰੀ ਕਾਰਨ ਬੇਅਥਾਹ ਔਕੜਾਂ ਦੇ ਬਾਵਜੂਦ ਵੀ ਵਿਦੇਸ਼ਾਂ ਨੂੰ ਜਾਣ ਲਈ ਤਿਆਰ ਹਨ।
ਭ੍ਰਿਸ਼ਟਾਚਾਰ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਇਸ ਨੂੰ ਕਾਬੂ ਕਰਨਾ ਮੌਜੂਦਾ ਸਿਸਟਮ ਦੇ ਵੱਸ ਦੀ ਗੱਲ ਨਹੀਂ ਰਹੀ । ਸੈਂਟਰ ਫਾਰ ਮੀਡੀਆ ਸਟੱਡੀਜ਼ ਦੇ ਇੱਕ ਸਰਵੇਖਣ ਅਨੁਸਾਰ ਬੀਤੇ ਸਾਲਾਂ ਵਿੱਚ 21086 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ। ਵੱਖ ਵੱਖ ਦੇਸ਼ਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਤਾ ਲਾਉਣ ਵਾਲੀਆਂ ਏਜੰਸੀਆਂ ਵਿਚੋਂ ਕਰੈਡਿਟ ਰੇਟਿੰਗ ਏਜੰਸੀ ਦੁਆਰਾ ਤਿਆਰ ਕੀਤੇ ਗਏ ਪਾਰਦਰਸ਼ਤਾ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਸੂਚਕ ਅੰਕ ਅਨੁਸਾਰ ਭਾਰਤ ਸੰਸਾਰ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਹਰ ਪਾਰਟੀ ਦਾ ਵੱਡਾ ਨੇਤਾ ਘਪਲਿਆਂ ਵਿੱਚ ਫਸਿਆ ਹੋਇਆ ਹੈ।
ਨਿੱਜੀਕਰਨ, ਵਿਸ਼ਵੀਕਰਨ ਅਤੇ ਉਦਾਰੀਕਰਨ ਸਦਕਾ ਭਾਰਤੀ ਸਮਾਜ ਵਿੱਚ ਗੈ਼ਰ ਬਰਾਬਰੀ ਹੋਰ ਵੀ ਗਹਿਰੀ ਹੁੰਦੀ ਜਾ ਰਹੀ ਹੈ। ਜ਼ਿਆਦਾਤਰ ਲੋਕਾਂ ਕੋਲ ਨਾ ਤਾਂ ਰੁਜ਼ਗਾਰ ਹੈ ਤੇ ਨਾ ਹੀ ਆਪਣੀ ਸਥਿਤੀ ਨੂੰ ਸੁਧਾਰਨ ਦੇ ਮੌਕੇ ਜਾਂ ਸਾਧਨ ਹਨ। ਰਾਜਾਂ ਦੀ ਜਵਾਬਦੇਹੀ ਖਤਮ ਕੀਤੀ ਜਾ ਰਹੀ ਹੈ। ਚੋਣਾਂ ਸਮੇਂ ਸਭ ਪਾਰਟੀਆਂ ਦਲਿਤ ਗਰੀਬ ਮਜ਼ਦੂਰਾਂ ਦੇ ਮੁੱਦੇ ਇੱਕ ਦੂਜੇ ਤੋਂ ਵੱਧ ਕੇ ਉਭਾਰਦੀਆਂ ਹਨ ਪਰ ਵੋਟਾਂ ਬਟੋਰਨ ਤੋਂ ਬਾਅਦ ਸਭ ਪਾਰਟੀਆਂ ਇਹਨਾਂ ਮੁੱਦਿਆਂ ਨੂੰ ਅਣਗੌਲਿਆਂ ਕਰ ਦਿੰਦੀਆਂ ਹਨ। ਸਮੂਹ ਰਾਜਨੀਤਕ ਪਾਰਟੀਆਂ ਦੇਸ਼ ਜਾਂ ਸੰਵਿਧਾਨ ਦੇ ਸਿਧਾਤਾਂ ਨੂੰ ਤਰਜ਼ੀਹ ਨਹੀਂ ਦਿੰਦੀਆਂ, ਸਗੋਂ ਨੇਤਾ ਲੋਕ ਆਪਣੇ ਸਵਾਰਥਾਂ ਨੂੰ ਤਰਜ਼ੀਹ ਦਿੰਦੇ ਹਨ। ਗਰੀਬ, ਦਲਿਤ, ਮਜ਼ਦੂਰ, ਕਿਸਾਨ ਮੁਕਤੀ ਦਾ ਮੁੱਦਾ ਮਸਲਿਆਂ ਗਿਆ ਹੈ। ਇਸੇ ਕਰਕੇ ਲੋਕਾਂ ਵਿੱਚ ਆਜ਼ਾਦੀ ਪ੍ਰਤੀ ਕੋਈ ਚਾਅ ਨਹੀਂ ਰਿਹਾ।ਸਪੱਸ਼ਟ ਹੈ ਕਿ ਵਿਵਸਥਾ ਬਦਲੇ ਬਿਨਾ, ਭ੍ਰਿਸ਼ਟਾਚਾਰ ਭਸਮ ਨਹੀਂ ਹੋਵੇਗਾ।
– ਹਰਕੀਰਤ ਕੌਰ
97791-18066

Video Ad
Video Ad