
ਦਿਸਪੁਰ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਸਾਮ ਨੂੰ ਫਿਰ ਤੋਂ ਘੁਸਪੈਠੀਆਂ ਦਾ ਅੱਡਾ ਨਹੀਂ ਬਣਨ ਦੇਵੇਗੀ। ਉਨ੍ਹਾਂ ਏਆਈਯੂਡੀਐਫ ਦੇ ਮੁਖੀ ਬਦਰੂਦੀਨ ਅਜਮਲ ਨੂੰ ਸਖਤ ਸ਼ਬਦਾਂ ‘ਚ ਕਿਹਾ ਕਿ ਬੀਤੇ 5 ਸਾਲਾਂ ਦੌਰਾਨ ਜਿਸ ਧਰਤੀ ‘ਤੇ ਉਨ੍ਹਾਂ ਨੇ ਕਬਜ਼ਾ ਕੀਤਾ ਸੀ, ਨੂੰ ਸਫਲਤਾਪੂਰਵਕ ਆਜ਼ਾਦ ਕਰਵਾਉਣ ਤੋਂ ਬਾਅਦ ਭਾਜਪਾ ਅਸਾਮ ਨੂੰ ਫਿਰ ਤੋਂ ਘੁਸਪੈਠੀਆਂ ਦਾ ਅੱਡਾ ਨਹੀਂ ਬਣਨ ਦੇਵੇਗੀ।
ਅਜਮਲ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਸੀ ਕਿ ਸੂਬੇ ‘ਚ ਅਗਲੀ ਸਰਕਾਰ ਬਣਾਉਣ ਲਈ “ਤਾਲਾ ਅਤੇ ਚਾਬੀ (ਏਆਈਯੂਡੀਐਫ ਦਾ ਚੋਣ ਨਿਸ਼ਾਨ)” ਉਨ੍ਹਾਂ ਦੇ ਹੱਥ ‘ਚ ਹੈ। ਇਸ ‘ਤੇ ਚੁਟਕੀ ਲੈਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਜਨਤਾ ਤੈਅ ਕਰੇਗੀ ਕਿ ਅਸਾਮ ‘ਚ ਸਰਕਾਰ ਕੌਣ ਚਲਾਏਗਾ। ਸ਼ਾਹ ਨੇ ਚਿਰਾਂਗ ਜ਼ਿਲ੍ਹੇ ਦੇ ਬਿਜਨੀ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, “ਕੰਨ ਖੋਲ੍ਹ ਕੇ ਸੁਣ ਲਓ ਅਜਮਲ, ਅਸਾਮ ਨੂੰ ਘੁਸਪੈਠੀਆਂ ਦਾ ਅੱਡਾ ਦੁਬਾਰਾ ਨਹੀਂ ਬਣਨ ਦਿਆਂਗੇ।”
ਉਨ੍ਹਾਂ ਕਿਹਾ, “ਅਜਮਲ ਦਾ ਦਾਅਵਾ ਹੈ ਕਿ ਅਗਲੀ ਸਰਕਾਰ ਬਣਾਉਣ ਲਈ ਤਾਲਾ ਤੇ ਚਾਬੀ ਉਨ੍ਹਾਂ ਦੇ ਹੱਥ ‘ਚ ਹੈ ਅਤੇ ਉਹ ਫੈਸਲਾ ਕਰਨਗੇ ਕਿ ਅਸਾਮ ‘ਚ ਅਗਲੀ ਸਰਕਾਰ ਕੌਣ ਬਣਾਏਗਾ, ਪਰ ਉਹ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਤਾਲਾ ਤੇ ਚਾਬੀ ਲੋਕਾਂ ਦੇ ਹੱਥ ‘ਚ ਹੈ।” ਸ਼ਾਹ ਨੇ ਕਾਂਗਰਸ ‘ਤੇ ਘੁਸਪੈਠ ਰੋਕਣ ‘ਚ ਅਸਫਲ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, “ਸਾਨੂੰ 5 ਸਾਲ ਹੋਰ ਦਿਓ, ਕੋਈ ਵਿਅਕਤੀ ਤਾਂ ਕੀ, ਪਰਿੰਦਾ ਵੀ ਅੰਦਰ ਨਹੀਂ ਆ ਸਕੇਗਾ।”
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਅਤੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਡਬਲ ਇੰਜਨ ਸਰਕਾਰ ਸੂਬੇ ‘ਚ ਹਿੰਸਾ ਅਤੇ ਅੰਦੋਲਨ ਦੇ ਪੜਾਅ ਨੂੰ ਸਫ਼ਲਤਾਪੂਰਵਕ ਖਤਮ ਕੀਤਾ ਅਤੇ ਸੂਬੇ ਨੂੰ ਵਿਕਾਸ ਦੇ ਰਾਹ ‘ਤੇ ਲਿਆਂਦਾ। ਸ਼ਾਹ ਨੇ ਕਿਹਾ, “5 ਸਾਲ ਪਹਿਲਾਂ ਮੈਂ ਤੁਹਾਡੇ ਕੋਲ ਪਾਰਟੀ ਪ੍ਰਧਾਨ ਬਣ ਕੇ ਆਇਆ ਸੀ ਅਤੇ ਅਸਾਮ ਨੂੰ ਹਿੰਸਾ ਤੇ ਅੰਦੋਲਨ ਤੋਂ ਮੁਕਤ ਕਰਨ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। ਜੇ ਸਾਨੂੰ ਪੰਜ ਸਾਲ ਹੋਰ ਦਿੱਤੇ ਗਏ ਤਾਂ ਅਸੀਂ ਸੂਬੇ ਨੂੰ ਘੁਸਪੈਠ ਮੁਕਤ ਅਤੇ ਹੜ੍ਹ ਮੁਕਤ ਬਣਾਵਾਂਗੇ।”
ਉਨ੍ਹਾਂ ਨੇ ਕਾਂਗਰਸ ‘ਤੇ ਅੱਤਿਵਾਦ ਦੀ ਸਮੱਸਿਆ ਦਾ ਹੱਲ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਗਾਵਤ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਡੋ ਸਮਝੌਤੇ ‘ਤੇ ਦਸਤਖਤ ਕਰਨ ਦੀ ਪਹਿਲ ਕੀਤੀ, ਜਿਸ ਨਾਲ ਸੂਬੇ ‘ਚ ਸ਼ਾਂਤੀ ਦਾ ਰਾਹ ਪੱਧਰਾ ਹੋਇਆ।