ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ

ਬੰਗਲੁਰੂ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਬਕਾ ਪ੍ਰਧਾਨ ਮੰਤਰੀ ਤੇ ਜਨਤਾ ਦਲ (ਐਸ) ਦੇ ਸਰਪ੍ਰਸਤ ਐਚ.ਡੀ. ਦੇਵਗੌੜਾ ਅਤੇ ਉਨ੍ਹਾਂ ਦੀ ਪਤਨੀ ਚੇਨੰਮਾ ਕੋਰੋਨਾ ਪਾਜ਼ੀਟਿਪ ਪਾਏ ਗਏ ਹਨ। ਬੁੱਧਵਾਰ ਨੂੰ ਦੇਵਗੌੜਾ ਅਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਸਾਹਮਣੇ ਆਈ ਹੈ। ਇਹ ਜਾਣਕਾਰੀ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ।
ਉਨ੍ਹਾਂ ਦੱਸਿਆ, “ਮੈਂ ਅਤੇ ਮੇਰੀ ਪਤਨੀ ਚੇਨੰਮਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅਸੀਂ ਆਪਣੇ ਪਰਿਵਾਰ ਨਾਲ ਘਰ ‘ਚ ਆਈਸੋਲੇਸ਼ਨ ‘ਚ ਹਾਂ। ਮੇਰੀ ਬੇਨਤੀ ਹੈ ਕਿ ਜਿਹੜੇ ਪਿਛਲੇ ਸਮੇਂ ‘ਚ ਸਾਡੇ ਸੰਪਰਕ ‘ਚ ਆਏ ਹਨ, ਉਨ੍ਹਾਂ ਨੂੰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।” ਸਾਬਕਾ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਅਤੇ ਸ਼ੁਭਚਿੰਤਕਾਂ ਨੂੰ ਕਿਹਾ ਹੈ ਕਿ ਮੇਰੀ ਅਤੇ ਮੇਰੀ ਪਤਨੀ ਦੀ ਸਿਹਤ ਬਾਰੇ ਘਬਰਾਉਣ ਦੀ ਲੋੜ ਨਹੀਂ ਹੈ।
ਦੇਵਗੌੜਾ ਅਤੇ ਉਨ੍ਹਾਂ ਦੀ ਪਤਨੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਸਾਬਕਾ ਪੀਐਮ ਐਚ.ਡੀ. ਦੇਵਗੌੜਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪਤਨੀ ਦੀ ਸਿਹਤ ਬਾਰੇ ਪੁੱਛਿਆ। ਉਨ੍ਹਾਂ ਛੇਤੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ।
ਦੱਸ ਦੇਈਏ ਕਿ ਕਰਨਾਟਕ ਦੀ ਰਾਜਧਾਨੀ ਬੰਗਲੁਰੂ ‘ਚ ਕੋਰੋਨਾ ਦੀ ਦੂਜੀ ਲਹਿਰ ਪਹੁੰਚ ਚੁੱਕੀ ਹੈ। ਬੰਗਲੁਰੂ ‘ਚ ਰੋਜ਼ਾਨਾ ਲਗਭਗ 1350 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਦੋ ਹਫ਼ਤਿਆਂ ‘ਚ ਕੋਵਿਡ-19 ਦੇ 16,921 ਨਵੇਂ ਕੇਸ ਦਰਜ ਕੀਤੇ ਗਏ ਸਨ। ਕੋਰੋਨਾ ਮਾਮਲਿਆਂ ਦੀ ਰਫ਼ਤਾਰ ਤੇਜ਼ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਕੂਲ ਅਤੇ ਕਾਲਜ ਬੰਦ ਨਹੀਂ ਕਰ ਰਹੇ। ਕੋਰੋਨਾ ਤੋਂ ਬਚਾਅ ਲਈ ਬੱਚਿਆਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਵਿਆਹ, ਸਮਾਗਮਾਂ ਆਦਿ ‘ਚ ਵੱਡੀ ਗਿਣਤੀ ‘ਚ ਲੋਕ ਇਕੱਤਰ ਨਾ ਹੋਣ, ਇਸ ਦੇ ਲਈ ਸਰਕਾਰੀ ਤੰਤਰ ਨਿਗਰਾਨੀ ਕਰ ਰਿਹਾ ਹੈ।

Video Ad
Video Ad