
ਲੁਧਿਆਣਾ, 8 ਫਰਵਰੀ, ਹ.ਬ. : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ 30 ਸਾਲ ਬਾਅਦ ਖਾਲੀ ਹੋਣ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਦਾ ਪਰਵਾਰ ਇਸ ਕੋਠੀ ਵਿਚ ਰਹਿੰਦਾ ਹੈ। ਐਸਡੀਐਮ ਗਰਗ ਨੇ ਕੋਠੀ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਗਲਵਾਰ ਨੂੰ ਅਸਟੇਟ ਆਫਿਸ ਦੀ ਟੀਮ ਸੈਕਟਰ 5 ਸਥਿਤ ਕੋਠੀ ਵਿਚ ਪੁੱਜੀ ਸੀ।
ਕੋਠੀ ਦਾ ਹਾਊਸ ਅਲਾਟਮੈਂਟ ਪਹਿਲਾਂ ਹੀ ਰੱਦ ਹੋ ਚੁੱਕਾ ਹੈ। ਬੇਅੰਤ ਸਿੰਘ 1992 ਤੋਂ 1995 ਤੱਕ ਮੁੱਖ ਮੰਤਰੀ ਵੀ ਰਹੇ ਹਨ। ਇਸ ਤੋਂ ਪਹਿਲਾਂ ਜਦ ਕੋਠੀ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸੀ ਤਾਂ ਸਾਬਕਾ ਮੁੱਖ ਮੰਤਰੀ ਦੇ ਬੇਟੇ ਤੇਜ ਪ੍ਰਕਾਸ਼ ਨੇ ਐਸਡੀਐਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਹੁਣ ਤੇਜ ਪ੍ਰਕਾਸ਼ ਦੇ ਨਾਂ ਨੋਟਿਸ ਕੱਢਿਆ ਗਿਆ।
ਇਸ ਕੋਠੀ ਨੂੰ ਖਾਲੀ ਕਰਾਉਣ ਦੀ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਹੋ ਚੁੱਕੀ ਹੈ ਲੇਕਿਨ ਸਿਆਸੀ ਦਬਾਅ ਅਤੇ ਹੋਰ ਕਾਰਨਾਂ ਕਰਕੇ ਇਹ ਕੋਠੀ ਖਾਲੀ ਨਹੀਂ ਹੋ ਸਕੀ। ਇਸ ਵਾਰ ਐਸਡੀਐਮ ਨੇ ਕੋਠੀ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੰਗਲਵਾਰ ਨੂੰ ਪੁਲਿਸ ਅਧਿਕਾਰੀ ਰਮੇਸ਼ ਕਲਿਆਣ ਐਸਡੀਐਮ ਸੈਂਟਰਲ ਦੇ ਆਦੇਸ਼ ’ਤੇ ਕੋਠੀ ਖਾਲੀ ਕਰਨ ਦੇ ਲਈ ਨੋਟਿਸ ਲੈ ਕੇ ਪੁੱਜੇ ਸੀ। ਉਥੇ ਮੌਜੂਦ ਜ਼ੈਡ ਪਲੱਸ ਸਕਿਓਰਿਟੀ ਅਤੇ ਪੰਜਾਬ ਪੁਲਿਸ ਦੇ ਕਰਮਚਾਰੀ ਨੇ ਐਸਆਈ ਨੂੰ ਕੋਠੀ ਵਿਚ ਵੜਨ ਨਹੀਂ ਦਿੱਤਾ।