ਸਾਮਿਆ ਹਸਨ ਬਣੀ ਪੂਰਬੀ ਅਫਰੀਕੀ ਦੇਸ਼ ਤੰਜਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ

ਦਾਰ-ਏ-ਸਲਾਮ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਮਿਆ ਸੁਲੁਹੂ ਹਸਨ ਪੂਰਬੀ ਅਫ਼ਰੀਕੀ ਦੇਸ਼ ਤੰਜਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਗਈ ਹੈ। ਉਨ੍ਹਾਂ ਨੂੰ ਮੁੱਖ ਜੱਜ ਇਬਰਾਹਿਮ ਜੁਮਾਵੋਇੰਡ ਨੇ ਦਾਰ-ਏ-ਸਲਾਮ ਵਿੱਚ ਸਰਕਾਰੀ ਦਫ਼ਤਰ ਸਟੇਟ ਹਾਊਸ ਵਿੱਚ ਅਹੁਦੇ ਅਤੇ ਭੇਦ ਗੁੁਪਤ ਰੱਖਣ ਦੀ ਸਹੁੰ ਚੁਕਾਈ।
ਸਾਮਿਆ ਹਸਨ ਨੇ ਦੇਸ਼ ਦੇ ਸੰਵਿਧਾਨ ਨੂੰ ਬਰਕਰਾਰ ਰੱਖਣ ਦਾ ਸੰਕਲਪ ਲਿਆ। ਤੰਜਾਨੀਆ ਦੇ ਸਾਬਕਾ ਰਾਸ਼ਟਰਪਤੀ ਅਲੀ ਹਸਨ ਮਿਨਈ, ਜਕਾਇਆ ਕਿਕਵੇਤੇ ਅਤੇ ਆਬਿਦ ਕਰੁਮੇ ਤੇ ਮੰਤਰੀ ਮੰਡਲ ਦੇ ਮੈਂਬਰ ਵੀ ਇਸ ਮੌਕੇ ਮੌਜੂਦ ਰਹੇ। ਇਸ ਤੋਂ ਪਹਿਲਾਂ 61 ਸਾਲ ਦੀ ਸਾਮਿਆ ਹਸਨ ਦੇਸ਼ ਦੀ ਉਪ ਰਾਸ਼ਟਰਪਤੀ ਸੀ।
ਸਾਮਿਆ ਹਸਨ ਨੇ ਦੋ ਦਿਨ ਪਹਿਲਾਂ ਹੀ ਰਾਸ਼ਟਰਪਤੀ ਜੌਨ ਮਗੁਫੁਲੀ ਦੇ ਦੇਹਾਂਤ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਗੁਫੁਲੀ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ, ਜਦਕਿ ਬੈਲਜੀਅਮ ਵਿੱਚ ਜੀਵਨ ਬਿਤਾ ਰਹੇ ਵਿਰੋਧੀ ਧਿਰ ਦੇ ਨੇਤਾ ਟੁੰਡੂ ਲਿਸੂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੀ ਮੌਤ ਕੋਰੋਨਾ ਨਾਲ ਹੋਈ ਹੈ।
ਦੱਸ ਦੇਈਏ ਕਿ ਮਗੁਫੁਲੀ ਨੇ ਕੋਰੋਨਾ ਨੂੰ ਤੰਜਾਨੀਆ ਲਈ ਸਮੱਸਿਆ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਕੌਮੀ ਪ੍ਰਾਰਥਨਾ ਨੇ ਦੇਸ਼ ਨਾਲ ਕੋਰੋਨਾ ਨੂੰ ਖ਼ਤਮ ਕਰ ਦਿੱਤਾ ਹੈ। ਦੇਹਾਂਤ ਤੋਂ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਮੰਨਿਆ ਸੀ ਕਿ ਕੋਰੋਨਾ ਦੇਸ਼ ਲਈ ਗੰਭੀਰ ਖ਼ਤਰਾ ਹੈ।
ਜੌਨ ਮਗੁਫੁਲੀ ਨੂੰ ਬੁਲਡੋਜ਼ਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ ਇਹ ਨਾਮ ਉਨ੍ਹਾਂ ਦੀਆਂ ਨੀਤੀਆਂ ਕਾਰਨ ਮਿਲਿਆ ਸੀ। ਦੱਸ ਦੇਈਏ ਕਿ ਉਨ੍ਹਾਂ ਦੇ ਦੇਹਾਂਤ ਮਗਰੋਂ ਸਰਕਾਰੀ ਟੀਵੀ ਚੈਨਲ ’ਤੇ ਧਾਰਮਿਕ ਗੀਤ ਦਿਖਾਏ ਗਏ ਅਤੇ ਸ਼ੋਕ ਮਨਾਇਆ ਗਿਆ। ਹਾਸਨ ਨੇ ਰਾਸ਼ਟਰਪਤੀ ਜੌਨ ਨੂੰ ਇੱਕ ਬਹਾਦਰ ਨੇਤਾ ਦੱਸਿਆ।

Video Ad
Video Ad