ਸਿੰਧੀਆ ਨੇ ਰਾਜ ਸਭਾ ‘ਚ ਕਾਂਗਰਸ ਨੂੰ ਦਿੱਤੀ ਚਿਤਾਵਨੀ – ਮੇਰਾ ਮੂੰਹ ਨਾ ਖੁਲ੍ਹਵਾਓ, ਮੁੰਬਈ ‘ਚ ਹੀ ਹੋ ਰਹੀ ਸੀ 100 ਕਰੋੜ ਦੀ ਵਸੂਲੀ

ਨਵੀਂ ਦਿੱਲੀ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਜੋਤੀਰਾਦਿਤਿਆ ਸਿੰਧੀਆ ਨੇ ਬੁੱਧਵਾਰ ਨੂੰ ਰਾਜ ਸਭਾ ‘ਚ ਕਾਂਗਰਸ ‘ਤੇ ਹਮਲਾ ਬੋਲਿਆ। ਵਿੱਤ ਬਿੱਲ ‘ਤੇ ਵਿਚਾਰ-ਚਰਚਾ ਦੌਰਾਨ ਸਿੰਧੀਆ ਬੋਲ ਰਹੇ ਸਨ। ਉਸੇ ਸਮੇਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ 15-15 ਲੱਖ ਰੁਪਏ ਦੇਣ ਦੇ ਭਾਜਪਾ ਦੇ ਵਾਅਦੇ ਦਾ ਜ਼ਿਕਰ ਕੀਤਾ। ਇਸ ਦੇ ਜਵਾਬ ‘ਚ ਸਿੰਧੀਆ ਨੇ ਕਿਹਾ, “ਮੇਰਾ ਮੂੰਹ ਨਾ ਖੁਲ੍ਹਵਾਓ, ਜੇ 15-15 ਲੱਖ ਰੁਪਏ ਦੀ ਗੱਲ ਕਰੋਗੇ ਤਾਂ ਮੈਂ ਮਹਾਰਾਸ਼ਟਰ ਦੀ ਗੱਲ ਕਰਾਂਗਾ। ਪਿਛਲੇ ਤਿੰਨ-ਚਾਰ ਦਿਨਾਂ ‘ਚ ਜੋ ਰਿਪੋਰਟ ਆ ਰਹੀ ਹੈ… ਪਹਿਲਾਂ 100 ਕਰੋੜ ਰੁਪਏ ਦਾ ਹਿਸਾਬ ਦਿਓ। ਇਹ ਤਾਂ ਸਿਰਫ਼ ਮੁੰਬਈ ਸ਼ਹਿਰ ਦਾ ਹੀ ਹੈ।”
ਸਿੰਧੀਆ ਇਥੇ ਹੀ ਨਹੀਂ ਰੁਕੇ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੀ ਅਗਵਾਈ ਵਾਲੀ ਸਰਕਾਰ, ਜੋ ਕਿ ਨਿੱਜੀਕਰਨ ਲਈ ਸਰਕਾਰ ਦੀ ਅਲੋਚਨਾ ਕਰ ਰਹੀ ਹੈ, ਨੇ ਸਾਲ 2007 ‘ਚ ਵਿਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਸੀ। ਕਾਂਗਰਸ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਨੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਕਾਂਗਰਸ ਦਾ ਕੰਮ ਸਿਰਫ਼ ਇਸ ਦਾ ਵਿਰੋਧ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਪਾਰਟੀ ‘ਜੀ-23’ ਦੇ ਲੋਕਾਂ ਦੇ ਦੁੱਖ ਨੂੰ ਨਹੀਂ ਸਮਝਦੀ ਤਾਂ ਦੇਸ਼ ਦੇ ਲੋਕਾਂ ਦੇ ਦੁੱਖ ਨੂੰ ਕੀ ਸਮਝੇਗੀ।
ਸਿੰਧੀਆ ਨੇ ਉੱਚ ਸਦਨ ‘ਚ ਵਿੱਤ ਬਿੱਲ 2021 ‘ਤੇ ਵਿਚਾਰ-ਵਟਾਂਦਰੇ ‘ਚ ਹਿੱਸਾ ਲੈਂਦੇ ਹੋਏ ਦਾਅਵਾ ਕੀਤਾ ਕਿ ਸਾਲ 2007 ‘ਚ ਤਤਕਾਲੀ ਯੂਪੀਏ ਸਰਕਾਰ ਨੇ ਵੱਖ-ਵੱਖ ਸਰਕਾਰੀ ਕੰਮਾਂ ‘ਚ ਨਿਵੇਸ਼ ਦੇ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰਾਂ ਨੇ 1991-96 ਅਤੇ 2004-14 ਦੌਰਾਨ ਵੱਖ-ਵੱਖ ਜਨਤਕ ਖੇਤਰਾਂ ਦੇ ਕਾਰਜਾਂ ਨੂੰ ਖਤਮ ਕਰ ਦਿੱਤਾ ਸੀ।

Video Ad

ਮੋਦੀ ਸਰਕਾਰ ਤੁਹਾਡੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ
ਵਿਰੋਧੀ ਮੈਂਬਰਾਂ ਦੀ ਦਖ਼ਲਅੰਦਾਜ਼ੀ ਵਿਚਕਾਰ ਸਿੰਧੀਆ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਤੁਹਾਡੇ ਅਧੂਰੇ ਸੁਪਨੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਕੋਰੋਨਾ ਆਪਦਾ ਨੂੰ ਵਿਕਾਸ ਦਾ ਮੌਕਾ ਬਣਾਉਣ ਲਈ ਕੰਮ ਕਰ ਰਹੀ ਹੈ, ਪਰ ਵਿਰੋਧੀ ਧਿਰ ਆਪਦਾ ‘ਚ ਰਾਜਨੀਤੀ ‘ਤੇ ਜ਼ੋਰ ਦੇ ਰਹੀ ਹੈ।

ਪੈਟਰੋਲੀਅਮ ਕੀਮਤਾਂ ‘ਤੇ ਵਿਰੋਧੀ ਧਿਰ ਨੂੰ ਘੇਰਿਆ
ਭਾਜਪਾ ਆਗੂ ਸਿੰਧੀਆ ਨੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੈਟਰੋਲੀਅਮ ਪਦਾਰਥਾਂ ‘ਤੇ ਖਰਚਿਆਂ ਨੂੰ ਘਟਾਉਣ ਤੋਂ ਬਾਅਦ ਪ੍ਰਾਪਤ ਕੀਤੀ ਗਈ ਰਕਮ ਦਾ 40 ਫ਼ੀਸਦੀ ਹਿੱਸਾ ਸੂਬਿਆਂ ਦਾ ਹੁੰਦਾ ਸੀ ਅਤੇ ਬਾਕੀ 60 ਫ਼ੀਸਦੀ ਰਕਮ ‘ਚੋਂ ਵੀ 42 ਫ਼ੀਸਦੀ ਸੂਬਿਆਂ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਸਲ ‘ਚ ਕੇਂਦਰ ਨੂੰ 36 ਫ਼ੀਸਦੀ ਰਕਮ ਹੀ ਮਿਲਦੀ ਹੈ।

ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹਨ, ਉਹ ਦੂਜਿਆਂ ‘ਤੇ…
ਸਿੰਧੀਆ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਮਹਾਰਾਸ਼ਟਰ ‘ਚ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਉਨ੍ਹਾਂ ਦੇ ਸ਼ਾਸਿਤ ਸੂਬਿਆਂ ‘ਚ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ, “ਮੈਂ ਸਿਰਫ਼ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ ‘ਤੇ ਪੱਥਰ ਨਹੀਂ ਸੁੱਟਦੇ।”

Video Ad