ਸਿੱਕਮ-ਨੇਪਾਲ ਬਾਰਡਰ ‘ਤੇ 5.4 ਤੀਬਰਤਾ ਦਾ ਭੂਚਾਲ; ਪੱਛਮ ਬੰਗਾਲ, ਬਿਹਾਰ ਤੇ ਅਸਾਮ ‘ਚ ਵੀ ਮਹਿਸੂਸ ਹੋਏ ਝਟਕੇ

ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸਿੱਕਿਮ-ਨੇਪਾਲ ਬਾਰਡਰ ‘ਤੇ ਸੋਮਵਾਰ ਦੀ ਰਾਤ 8.49 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਅਨੁਸਾਰ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਸੀ। ਭੂਚਾਲ ਦੇ ਝਟਕੇ ਪੱਛਮੀ ਬੰਗਾਲ, ਬਿਹਾਰ ਅਤੇ ਅਸਾਮ ‘ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਨਾਲ ਹੋਏ ਨੁਕਸਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਰਿਪੋਰਟਾਂ ਅਨੁਸਾਰ ਭੂਚਾਲ ਦਾ ਕੇਂਦਰ ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ 25 ਕਿਲੋਮੀਟਰ ਪੂਰਬ ਅਤੇ ਉੱਤਰ-ਪੂਰਬ ਵੱਲ ਜ਼ਮੀਨ ‘ਚ 10 ਕਿਲੋਮੀਟਰ ਦੀ ਡੂੰਘਾਈ ‘ਚ ਸੀ।

Video Ad

ਰਿਪੋਰਟ ਅਨੁਸਾਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਨਾਲ-ਨਾਲ ਸੂਬੇ ਦੇ ਉੱਤਰ-ਪੂਰਬੀ ਜ਼ਿਲ੍ਹਿਆਂ ਅਰਰੀਆ, ਪੂਰਨੀਆ ਅਤੇ ਕਿਸ਼ਨਗੰਜ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਬਾਅਦ ਲੋਕ ਘਬਰਾ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਮੱਧ ਬਿਹਾਰ, ਗੰਗਾ ਤੱਟਵਰਤੀ ਜ਼ਿਲ੍ਹਿਆਂ ਮੁੰਗੇਰ, ਔਰੰਗਾਬਾਦ ਅਤੇ ਭਾਗਲਪੁਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ।

ਮੌਸਮ ਵਿਭਾਗ ਸੈਂਟਰ ਪਟਨਾ ਦੇ ਡਾਇਰੈਕਟਰ ਵਿਵੇਕ ਸਿਨਹਾ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.4 ਸੀ। ਰਾਤ 8.49 ਵਜੇ ਤਿੰਨ ਤੋਂ ਚਾਰ ਸਕਿੰਟ ਲਈ ਲੋਕਾਂ ਨੇ ਭੂਚਾਲ ਮਹਿਸੂਸ ਕੀਤਾ। ਹਾਲਾਂਕਿ, ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦਾ ਅੰਸ਼ਕ ਪ੍ਰਭਾਵ ਪਟਨਾ ‘ਚ ਵੇਖਣ ਨੂੰ ਮਿਲਿਆ। ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਲੋਕਾਂ ਨੇ ਇਸ ਸਾਲ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਇਸ ਤੋਂ ਪਹਿਲਾਂ 15 ਫ਼ਰਵਰੀ ਨੂੰ ਬਿਹਾਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਫਿਰ ਪਟਨਾ ਸਮੇਤ ਕਈ ਜ਼ਿਲ੍ਹਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਅਨੁਸਾਰ ਭੂਚਾਲ ਦਾ ਕੇਂਦਰ ਉਸ ਸਮੇਂ ਨਾਲੰਦਾ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਸੀ।

Video Ad