Home ਤਾਜ਼ਾ ਖਬਰਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਇਸੇ ਮਹੀਨੇ ਕਰਨਗੇ ਵਿਆਹ

ਸਿੱਖਿਆ ਮੰਤਰੀ ਹਰਜੋਤ ਬੈਂਸ ਇਸੇ ਮਹੀਨੇ ਕਰਨਗੇ ਵਿਆਹ

0


ਲੁਧਿਆਣਾ, 13  ਮਾਰਚ, ਹ.ਬ. : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬੈਂਸ ਦਾ ਵਿਆਹ ਪੰਜਾਬ ਕੇਡਰ ਦੀ ਆਈਪੀਐਸ ਅਫਸਰ ਡਾਕਟਰ ਜੋਤੀ ਯਾਦਵ ਨਾਲ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੋਵਾਂ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋ ਰਿਹਾ ਹੈ। ਦੋਵੇਂ ਇਸੇ ਮਹੀਨੇ 25 ਅਤੇ 26 ਮਾਰਚ ਨੂੰ ਆਨੰਦਪੁਰ ਸਾਹਿਬ ਵਿੱਚ ਸਾਦੇ ਸਮਾਗਮ ਵਿੱਚ ਵਿਆਹ ਕਰਵਾ ਸਕਦੇ ਹਨ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਹਰਜੋਤ ਬੈਂਸ ਦੀ ਪਤਨੀ ਬਣਨ ਜਾ ਰਹੀ ਡਾ: ਜੋਤੀ ਯਾਦਵ ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ 2019 ਬੈਚ ਦੀ ਅਧਿਕਾਰੀ ਹੈ। ਉਸ ਦਾ ਪਰਿਵਾਰ ਗੁਰੂਗ੍ਰਾਮ ਵਿੱਚ ਰਹਿੰਦਾ ਹੈ। ਲੁਧਿਆਣਾ ਵਿਚ ਏਡੀਸੀਪੀ ਰਹਿ ਚੁੱਕੀ ਜੋਤੀ ਯਾਦਵ ਇਸ ਸਮੇਂ ਮਾਨਸਾ ਵਿਚ ਐਸਪੀ ਹੈਡਕੁਆਰਟਰ ਦੇ ਅਹੁਦੇ ’ਤੇ ਤੈਨਾਤ ਹੈ।

ਹਰਜੋਤ ਸਿੰਘ ਬੈਂਸ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ। ਉਹ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵਿੱਚ ਸਿੱਖਿਆ ਵਿਭਾਗ ਨੂੰ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਉਹ ਜੇਲ੍ਹ ਮੰਤਰੀ ਵੀ ਰਹਿ ਚੁੱਕੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਈ ਵਿਧਾਇਕਾਂ ਨੇ ਇੱਕ ਸਾਲ ਵਿੱਚ ਹੀ ਵਿਆਹ ਕਰਵਾ ਲਿਆ। ਵਿਆਹ ਕਰਵਾਉਣ ਵਾਲੇ ‘ਆਪ’ ਵਿਧਾਇਕਾਂ ਦੀ ਸੂਚੀ ’ਚ ਭਗਵੰਤ ਮਾਨ ਤੋਂ ਇਲਾਵਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਫਿਰੋਜ਼ਪੁਰ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ ਦੇ ਨਾਂ ਸ਼ਾਮਲ ਹਨ। ਹੁਣ ਇਸ ਸੂਚੀ ਵਿੱਚ ਹਰਜੋਤ ਬੈਂਸ ਦਾ ਨਾਂ ਵੀ ਜੁੜਣ ਜਾ ਰਿਹਾ ਹੈ। 31 ਸਾਲਾ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ। ਉਹ ‘ਆਪ’ ਦੀ ਪੰਜਾਬ ਇਕਾਈ ਦੇ ਸਾਬਕਾ ਮੁੱਖ ਬੁਲਾਰੇ ਵੀ ਰਹਿ ਚੁੱਕੇ ਹਨ। ਬੈਂਸ ਨੇ ਪਿਛਲੇ ਸਾਲ ਹੋਈਆਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ 45,780 ਵੋਟਾਂ ਨਾਲ ਹਰਾਇਆ ਸੀ। ਪੇਸ਼ੇ ਤੋਂ ਵਕੀਲ ਬੈਂਸ ਨੇ ਬੀ.ਏ. ਐਲਐਲਬੀ (ਆਨਰਜ਼) ਕੀਤੀ। 2017 ਵਿੱਚ ਬੈਂਸ ਨੇ ਲੁਧਿਆਣਾ ਜ਼ਿਲ੍ਹੇ ਦੀ ਸਾਹਨੇਵਾਲ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਉਦੋਂ ਹਾਰ ਗਏ ਸਨ। 2022 ਦੀਆਂ ਚੋਣਾਂ ਵਿੱਚ ‘ਆਪ’ ਨੇ ਉਨ੍ਹਾਂ ਨੂੰ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ।