Home ਸਾਹਿਤਕ ਸਿੱਖਿਆ ਵਿਭਾਗ ਦਾ ਇੱਕ ਹੋਰ ਕਦਮ ਅੱਗੇ ਵੱਲ

ਸਿੱਖਿਆ ਵਿਭਾਗ ਦਾ ਇੱਕ ਹੋਰ ਕਦਮ ਅੱਗੇ ਵੱਲ

0
ਸਿੱਖਿਆ ਵਿਭਾਗ ਦਾ ਇੱਕ ਹੋਰ ਕਦਮ ਅੱਗੇ ਵੱਲ

ਸਮੇਂ ਦਾ ਹਾਣੀ ਹੀ ਆਧੁਨਿਕ ਅਖਵਾਉਣ ਦਾ ਹੱਕਦਾਰ ਹੁੰਦਾ ਹੈ। ਜਿਹੜੇ ਕਦਮ ਸਹੀ ਸਮੇਂ ਪੁੱਟੇ ਜਾਂਦੇ ਹਨ, ਸਹੀ ਦਿਸ਼ਾ ਵਿੱਚ ਅਤੇ ਸਹੀ ਰਫ਼ਤਾਰ ਨਾਲ ਚੱਲਦੇ ਹਨ ਉਹਨਾਂ ਦਾ ਮਿਥੀ ਮੰਜ਼ਿਲ ਤੇ ਪਹੁੰਚਣਾ ਤੈਅ ਹੁੰਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਲੰਮੇ ਸਮੇਂ ਤੱਕ ਪ੍ਰਾਇਮਰੀ ਤੋਂ ਹਾਇਰ ਸੈਕੰਡਰੀ ਪੱਧਰ ਦੇ ਸਿਲੇਬਸ ਅਤੇ ਪਾਠ ਪੁਸਤਕਾਂ ਵਿੱਚ ਕੋਈ ਵਰਨਣਯੋਗ ਪਰਿਵਰਤਨ ਦੇਖਣ ਵਿੱਚ ਨਹੀਂ ਆਇਆ ਸੀ। ਇਸ ਦਿਸ਼ਾ ਵਿੱਚ ਇੱਕ ਖੜੋਤ ਦਾ ਅਨੁਭਵ ਸਿੱਖਿਆ ਸ਼ਾਸਤਰੀ ਅਤੇ ਅਧਿਆਪਕ ਮਹਿਸੂਸ ਕਰ ਰਹੇ ਸਨ।

ਵਿਦਿਆਰਥੀ ਲਈ ਨਵੀਂ ਜਮਾਤ ਦਾ ਸਿਲੇਬਸ ਨਵਾਂ ਹੀ ਹੁੰਦਾ ਹੈ ਪਰ ਜੇਕਰ ਨਵਾਂ ਸਿਲੇਬਸ ਅਤੇ ਪਠਨ ਸਮੱਗਰੀ ਆਪਣੇ ਸਮੇਂ ਦੇ ਅਨੁਕੂਲ ਨਾ ਹੋਵੇ ਤਾਂ ਵਿਦਿਆਰਥੀਆਂ ਦੀ ਉਸ ਵਿੱਚ ਸੁਰਤ ਹੀ ਨਹੀਂ ਜੁੜਦੀ, ਦਿਲਚਸਪੀ ਬਣਨਾ ਦਾ ਦੂਰ ਦੀ ਗੱਲ ਹੈ। ਅਜਿਹੇ ਵਿੱਚ ਅਧਿਆਪਕ ਵੀ ਕੋਹਲੂ ਦੇ ਬੈਲ ਇੱਕ ਵਾਰ ਘੜੇ ਆਪਣੇ ਵਿਚਾਰ ਦੁਆਲੇ ਨੀਰਸ ਚੱਕਰ ਕੱਟਦੇ ਰਹਿੰਦੇ ਹਨ ਅਤੇ ਕਿਸੇ ਨਵੀਂ ਸਿਰਜਣਾ ਦੀ ਪ੍ਰੇਰਨਾ ਆਮ ਤੌਰ ਤੇ ਪ੍ਰਾਪਤ ਨਹੀਂ ਕਰ ਸਕਦੇ।

ਪਿਛਲੇ ਦੋ ਕੁ ਵਰ੍ਹਿਆਂ ਤੋਂ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।ਸਿਲੇਬਸ ਵਿੱਚ ਨਵਾਂਪਣ ਅਤੇ ਕਿਰਿਆਤਮਕ ਪੱਖ ਸ਼ਾਮਿਲ ਕੀਤਾ ਗਿਆ ਹੈ। ਪਾਠ-ਪੁਸਤਕਾਂ ਨੂੰ ਰੌਚਕ ਬਣਾਉਣ ਲਈ ਰੰਗ, ਕਲਾਤਮਕ ਦੇ ਨਾਲ-ਨਾਲ ਅਸਲੀ ਤਸਵੀਰਾਂ, ਰੇਖਾ-ਚਿੱਤਰ, ਕਾਰਟੂਨ, ਗ੍ਰਾਫ਼, ਚਾਰਟ, ਟਿੱਪਣੀ ਨੂੰ ਉਭਾਰਨਾ, ਮਾਈਂਡ-ਮੈਪ, ਨਕਸ਼ੇ, ਖਾਸ ਵਿਸ਼ੇ ਤੇ ਵਿਸ਼ੇਸ਼ ਨੋਟ ਦੇਣਾ, ਯਾਦ ਰੱਖਣ ਦੇ ਨੁਕਤੇ, ਪ੍ਰੋਜੈਕਟ ਕਿਰਿਆਵਾਂ, ਉਪ-ਵਿਸ਼ਿਆਂ ਤੋਂ ਬਾਅਦ ਫੀਡਬੈਕ ਲਈ ਸਵਾਲ ਆਦਿ ਮਹੱਤਵਪੂਰਨ ਵਿਸ਼ੇਸ਼ਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀ ਨੂੰ ਵਿਸ਼ੇ ਦੀ ਜਾਣਕਾਰੀ ਸਹਿਜ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਅਤੇ ਉਸ ਦੀ ਦਿਲਚਸਪੀ ਬਣਦੀ ਹੈ ਅਤੇ ਨਾਲੋ – ਨਾਲ ਵਧਦੀ ਵੀ ਹੈ।

ਇੱਕ ਹੋਰ ਤਾਰੀਫ਼ ਦੇ ਕਾਬਲ ਹਾਸਲ ਇਹ ਹੈ ਕਿ ਪਾਠ ਦੇ ਆਰੰਭ ਵਿੱਚ ਹੀ ਉਸ ਪਾਠ ਤੋਂ ਪ੍ਰਾਪਤ ਉਦੇਸ਼ਾਂ ਨੂੰ ਦਰਜ ਕੀਤਾ ਗਿਆ ਹੈ। ਇਸ ਨਾਲ ਅਧਿਆਪਕ ਨੂੰ ਪਾਠ ਨੂੰ ਸਿਖਾਉਣ ਦੀ ਅਤੇ ਵਿਦਿਆਰਥੀ ਨੂੰ ਪਾਠ ਨੂੰ ਉਸ ਦ੍ਰਿਸ਼ਟੀਕੋਣ ਤੋਂ ਸਮਝਣ ਲਈ ਅਗਵਾਈ ਮਿਲਦੀ ਹੈ। ਇਹ ਇਸ ਤਰ੍ਹਾਂ ਹੀ ਹੈ ਜਿਵੇਂ ਸੜਕ ਕਿਨਾਰੇ ਲੱਗੇ ਮੀਲ-ਪੱਥਰ ਹੋਣ।

ਸਾਰਾ ਸਿਲੇਬਸ ਇੱਕਦਮ ਤਬਦੀਲ ਕਰਨਾ ਅਤੇ ਸਭ ਜਮਾਤਾਂ ਵਿੱਚ ਇੱਕ ਦਮ ਹੀ ਇਹ ਕਦਮ ਚੁੱਕਣਾ ਨਾ ਤਾਂ ਸੌਖਾ ਹੈ ਅਤੇ ਨਾ ਹੀ ਉੱਚਿਤ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠਲੀਆਂ ਨਾਨ-ਬੋਰਡ ਜਮਾਤਾਂ ਤੋਂ ਸਿਲੇਬਸ ਅਤੇ ਪਾਠ-ਪੁਸਤਕਾਂ ਦੀ ਤਬਦੀਲੀ ਕਦਮ-ਦਰ-ਕਦਮ ਕੀਤੀ ਜਾ ਰਹੀ ਹੈ। ਸਿਲੇਬਸ ਅਤੇ ਪਾਠ-ਪੁਸਤਕਾਂ ਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਭਾਰਤ ਸਰਕਾਰ ਦੇ ਮਨੁੱਖੀ ਸਾਧਨ ਵਿਕਾਸ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੋਧੇ ਹੋਏ ਕੌਮੀ ਪਾਠਕ੍ਰਮ ਰੂਪਰੇਖਾ – 2005 ਦੇ ਆਧਾਰ ਉੱਤੇ, ਪੰਜਾਬ ਪਾਠਕ੍ਰਮ ਰੂਪਰੇਖਾ – 2013 ਦੀਆਂ ਸੇਧਾਂ ਅਨੁਸਾਰ ਤਿਆਰ ਕੀਤਾ ਗਿਆ ਹੈ।

ਇਸ ਨੂੰ ਸੰਖੇਪ, ਵਧੇਰੇ ਅਰਥ-ਭਰਪੂਰ, ਵਿਦਿਆਰਥੀ ਕੇਂਦਰਿਤ ਅਤੇ ਸੂਬੇ ਦੀਆਂ ਲੋੜਾਂ ਅਨੁਸਾਰ ਬਣਾਇਆ ਗਿਆ ਹੈ ਜੋ ਕਿ ਪੁਸਤਕਾਂ ਦੇ ਮੁੱਖ – ਬੰਦ ਵਿੱਚ ਸਪੱਸ਼ਟ ਲਿਖਿਆ ਗਿਆ ਹੈ। ਪਾਠਕ੍ਰਮ ਅਤੇ ਪੁਸਤਕਾਂ ਦੇ ਉਦੇਸ਼ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੇ ਪਾਠਕ੍ਰਮ ਨਾਲ ਜੋੜਨਾ ਵੀ ਮਿਥਿਆ ਗਿਆ ਹੈ। ਪ੍ਰਾਇਮਰੀ ਪੱਧਰ ਤੇ ਸਾਰੀਆਂ ਜਮਾਤਾਂ ਦੀਆਂ ਨਵੀਆਂ ਪੁਸਤਕਾਂ ਰੌਚਕ, ਸਰਲ ਅਤੇ ਰੰਗਦਾਰ ਤਸਵੀਰਾਂ ਵਾਲੀਆਂ ਹਨ ਜੋ ਬੱਚਿਆਂ ਨੂੰ ਆਪਣੇ ਵੱਲ ਖਿਚਦੀਆਂ ਹਨ। ਪਾਠਾਂ ਦੇ ਅੰਤ ਵਿੱਚ ਦਿਲਚਸਪ ਅਭਿਆਸ ਭਾਗ ਹੈ।

ਅੱਪਰ ਪ੍ਰਾਇਮਰੀ ਤੋਂ ਜ਼ਿਆਦਾਤਰ ਜਮਾਤਾਂ ਦੇ ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ, ਕੰਪਿਊਟਰ ਵਿਗਿਆਨ, ਵਿਗਿਆਨ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਨਵੇਂ ਰੂਪ-ਰੰਗ ਵਿੱਚ ਵਿਦਿਆਰਥੀਆਂ ਦੇ ਹੱਥਾਂ ਵਿੱਚ ਪਹੁੰਚੀਆਂ ਹਨ। ਚਾਲੂ ਵਰ੍ਹੇ ਵੀ ਵਿਭਾਗ ਵੱਲੋਂ ਛੇਵੀਂ ਤੋਂ ਬਾਰਵੀਂ ਤੱਕ ਦੀਆਂ ਨਵੀਆਂ ਛਪ ਕੇ ਆ ਰਹੀਆਂ ਪੁਸਤਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਮਿਡਲ ਪੱਧਰ ਤੇ ਤਿੰਨਾਂ ਸਾਲਾਂ ਦੀਆਂ ਅੰਗਰੇਜ਼ੀ ਵਿਸ਼ੇ ਦੀਆਂ ਪੁਸਤਕਾਂ ‘ਮਾਇ ਇੰਗਲਿਸ਼ ਕੰਪੇਨੀਅਨ’ ਦੇ ਰੂਪ ਵਿੱਚ ਪੂਰਨ ਤਬਦੀਲੀ ਕੀਤੀ ਗਈ ਹੈ। ਪਾਠਾਂ ਦੇ ਅੰਤ ਵਿੱਚ ਵਿਵਹਾਰਕ-ਵਿਆਕਰਨ ਦੀਆਂ ਰੌਚਕ ਕਿਰਿਆਵਾਂ ਹਨ। ਪਾਠ ਵਿੱਚੋਂ ਸਿੱਖੇ ਗਏ ਸ਼ਬਦਾਂ ਅਤੇ ਸ਼ਬਦ ਸਮੂਹਾਂ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਸਿਖਾਉਣ ਦਾ ਇਹ ਬਹੁਤ ਵਧੀਆ ਉਪਰਾਲਾ ਹੈ, ਵਿਆਕਰਨ ਵਿੱਚ ਮਨੋਰੰਜਨ ਸ਼ਾਮਿਲ ਕੀਤਾ ਗਿਆ ਹੈ, ਰਚਨਾਤਮਕ ਹੁਨਰ ਪੈਦਾ ਕਰਨ ਲਈ ਸਰਲ ਉਦਾਹਰਨਾਂ ਦਰਜ ਕੀਤੀਆਂ ਗਈਆਂ ਹਨ। ਰੰਗ ਅਤੇ ਚਿੱਤਰਕਾਰੀ ਬੋਝਲ ਨਹੀਂ ਸੁਭਾਵਿਕ ਹੈ। ਪੁਸਤਕਾਂ ‘ਮਾਇ ਇੰਗਲਿਸ਼ ਕੰਪੇਨੀਅਨ’ ਆਪਣੇ ਆਪ ਵਿੱਚ ਪੂਰਨ ਹਨ ਜਿਨ੍ਹਾਂ ਨੂੰ ਪੜ੍ਹਨ ਅਤੇ ਸਮਝਣ ਲਈ ਕਿਸੇ ਹੈਲਪ-ਬੁੱਕ (ਗਾਇਡ) ਦੀ ਜ਼ਰੂਰਤ ਨਹੀਂ ਜਮਾਤ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੀ ਹਾਜ਼ਰੀ ਚਾਹੀਦੀ ਹੈ।

ਸਮਾਜਿਕ ਸਿੱਖਿਆ ਦੀਆਂ ਪੁਸਤਕਾਂ ਵਿਚ ਲੋੜ ਮੁਤਾਬਕ ਰੰਗ, ਚਾਰਟ, ਡਾਇਗ੍ਰਾਮਾਂ ਅਤੇ ਟੇਬਲ ਸ਼ਾਮਲ ਹਨ। ਸਮੇਂ ਅਨੁਸਾਰ ਟਾਪਿਕ ਸਿਲੇਬਸ ਦਾ ਹਿੱਸਾ ਬਣੇ ਹਨ। ਮੁੱਖ-ਟਾਪਿਕ, ਹੈਡਿੰਗ ਅਤੇ ਸਬ-ਹੈਡਿੰਗ ਨੂੰ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਵੀ ਲਿਖਿਆ ਗਿਆ ਹੈ ਜਿਸ ਨਾਲ ਉਸ ਬਾਰੇ ਵਿਦਿਆਰਥੀ ਦੀ ਜਾਣਕਾਰੀ ਵਧਦੀ ਹੈ ਅਤੇ ਵਧੇਰੇ ਜਾਣਕਾਰੀ ਲਈ ਇੰਟਰਨੈੱਟ ਤੇ ਸਰਚ ਕਰਨ ਸਮੇਂ ਸਹੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਜਿਸ ਨਾਲ ਸਹੀ ਟਾਪਿਕ ਲੱਭਣ ਵਿੱਚ ਖੇਚਲ ਘੱਟ ਹੋ ਜਾਂਦੀ ਹੈ ਅਤੇ ਕੀਮਤੀ ਸਮਾਂ ਬਚਦਾ ਹੈ। ਨਾਲ ਹੀ ਸਮਾਜਿਕ ਵਿਗਿਆਨ ਦੀਆਂ ਪੁਸਤਕਾਂ ਵਿੱਚ ਕਈ ਥਾਵਾਂ ਤੇ ਸ਼ਬਦ-ਜੋੜਾਂ ਦੀਆਂ ਕੁਝ ਗਲਤੀਆਂ ਵੇਖੀਆਂ ਜਾ ਸਕਦੀਆਂ ਹਨ।

ਇਹ ਅਸ਼ੁੱਧੀਆਂ ਬਹੁਤੀਆਂ ਪੈਰ ਬਿੰਦੀ ਵਾਲੇ ਸ਼ਬਦਾਂ ਦੀਆਂ ਹਨ। ਨਵੀਆਂ ਪੁਸਤਕਾਂ ਵਿੱਚ ਤਸਵੀਰਾਂ ਤਾਂ ਬਹੁਤ ਹਨ ਪਰ ਇਹਨਾਂ ਵਿੱਚੋਂ ਲਗਪਗ 40% ਵਿੱਚ ਸਪੱਸ਼ਟਤਾ ਦੀ ਕਮੀ ਦਿਖਾਈ ਦਿੰਦੀ ਹੈ ਜਿਵੇਂ ਜਮਾਤ 7ਵੀਂ ਦੀ ਸਮਾਜਿਕ ਵਿਗਿਆਨ ਦੇ ਚਿੱਤਰ 4.4, 4.5, 5.2, 5.3, 10.7, 10.10, 10.11, 10.12, 20.1ਵਿੱਚ 8ਵੀਂ ਦੀ ਸਮਾਜਿਕ ਵਿਗਿਆਨ ਦੇ ਪੰਨਾ ਨੰਬਰ 9, 13,48 ਦੇ ਨਕਸ਼ੇ , ਪੰਨਾ 50 ਦੀ ਤਸਵੀਰ ਦੇ ਰੰਗ ਖਿਲਰੇ ਅਤੇ ਪਿਕਸਲ ਟੁੱਟੇ ਹੋਣ ਕਰਕੇ ਤਸਵੀਰਾਂ ਸਾਫ਼ ਨਹੀਂ ਹਨ ਕੁਝ ਤੇ ਲਿਖੀ ਸ਼ਬਦਾਵਲੀ ਪੜ੍ਹਨ ਵਿੱਚ ਸਮੱਸਿਆ ਆਉਂਦੀ ਹੈ।

ਨਕਸ਼ਿਆਂ ਵਿੱਚ ਇੱਕ ਹੀ ਟੋਨ ਦੇ ਕਈ ਰੰਗ ਵਰਤੇ ਗਏ ਹਨ ਜੋ ਨਕਸ਼ਾ ਪੜ੍ਹਨ ਵਿੱਚ ਉਲਝਣ ਪੈਦਾ ਕਰਦੇ ਹਨ। ਕਈ ਥਾਈਂ ਤਸਵੀਰਾਂ ਦਾ ਆਕਾਰ ਬਹੁਤ ਛੋਟਾ ਹੈ ਖਾਸ ਕਰਕੇ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਭਾਗ-1 ਵਿੱਚ, ਇਸ ਤੋਂ ਬਿਨਾਂ ਇਸ ਪੁਸਤਕ ਦੇ ਪੰਨਾ 4, 26, 27, 45, 80, 97, 131, 157 ਦੇ ਨਕਸ਼ੇ/ਤਸਵੀਰ ਸੰਕੇਤ, ਰੰਗ, ਲਿਖੀ ਸ਼ਬਦਾਵਲੀ ਦੀ ਸਪੱਸ਼ਟਤਾ ਪੱਖੋਂ ਸੁਧਾਰ ਮੰਗਦੇ ਹਨ, ਭਾਗ-2 ਪੰਨਾ 55 ਦੀਆਂ ਤਸਵੀਰਾਂ ਨਾਲ ਸ਼ਬਦਾਵਲੀ ਉੱਪਰ ਨੀਚੇ ਹੋ ਗਈ ਹੈ। ਕਈ ਥਾਈਂ ਨਕਸ਼ੇ ਜਿਸ ਸਾਈਟ ਤੋਂ ਡਾਊਨਲੋਡ ਕੀਤੇ ਗਏ ਹਨ ਉਸਦਾ ਵਾਟਰ ਮਾਰਕ ਦਿਖਾਈ ਦੇ ਰਿਹਾ ਹੈ (ਜਿਵੇਂ ਜਮਾਤ 8ਵੀਂ ਪੰਨਾ 27) ਅਜਿਹਾ ਪਹਿਲੀਆਂ ਪੁਸਤਕਾਂ ਵਿਚ ਨਹੀਂ ਹੋਇਆ ਕਰਦਾ ਸੀ।

ਪੁਸਤਕਾਂ ਦੇ ਅੰਤ ਵਿੱਚ ਅਭਿਆਸ ਲਈ ਨਕਸ਼ੇ ਦਿੱਤੇ ਗਏ ਹਨ ਜੋ ਕਿ ਬਹੁਤ ਸ਼ਲਾਘਾਯੋਗ ਹੈ। ਵਿਗਿਆਨ ਵਿਸ਼ੇ ਦੀਆਂ ਪੁਸਤਕਾਂ ਵਿੱਚ ਵੀ ਤਸਵੀਰਾਂ, ਰੰਗਾਂ, ਥਾਂ-ਥਾਂ ਲੋੜ ਅਨੁਸਾਰ ਪ੍ਰਸ਼ਨ ਪੁੱਛ ਕੇ ਵਿਦਿਆਰਥੀ ਨੂੰ ਵਿਸ਼ੇ ਨਾਲ ਸੁਚੇਤ ਰੂਪ ਵਿੱਚ ਜੋੜ ਕੇ ਰੱਖਣ ਦਾ ਚੰਗਾ ਉਪਰਾਲਾ ਹੈ। ਪੁਰਾਣੀਆਂ ਕਿਤਾਬਾਂ ਨਾਲੋਂ ਕਿਤੇ ਵੱਧ ਅਤੇ ਸੁੰਦਰ, ਅਸਲ ਚਿੱਤਰ ਅਤੇ ਪ੍ਰਯੋਗ ਵਿਸ਼ੇ ਵਿੱਚ ਰੁਚੀ ਪੈਦਾ ਕਰਦੇ ਹਨ।

ਭਾਵੇਂ ਕਿ ਸਰਕਾਰ ਦੁਆਰਾ 30 ਅਪ੍ਰੈਲ ਤੱਕ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੀ ਹਿਦਾਇਤ ਹੋਈ ਹੈ ਫਿਰ ਵੀ ਉਮੀਦ ਹੈ ਕਿ ਕੋਵਿਡ-19 ਦੇ ਅਸਰ ਤੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਜਲਦੀ ਰਾਹਤ ਮਿਲੇਗੀ। ਨਵੀਆਂ ਜਮਾਤਾਂ ਵਿੱਚ ਬੈਠਣ-ਪੜ੍ਹਨ, ਪੜ੍ਹਾਉਣ ਦਾ ਚਾਅ ਦਿਲਾਂ ਵਿੱਚ ਹੀ ਨਹੀਂ ਮੁਰਝਾਵੇਗਾ। ਸੋਹਣੀਆਂ ਸਜੀਆਂ ਹੋਈਆਂ ਪੁਸਤਕਾਂ ਆਨਲਾਈਨ ਐਪਸ ਦੀ ਥਾਂ ਅਸਲ ਰੂਪ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਜਲਦੀ ਹੀ ਹੋਣਗੀਆਂ। ਇੱਕਾ-ਦੁੱਕਾ ਕਮੀਆਂ ਨੂੰ ਅਗਲੇ ਐਡੀਸ਼ਨਾਂ ਵਿੱਚ ਸੋਧ ਦਿੱਤਾ ਜਾਵੇਗਾ। ਪੰਜਾਬ ਦੀ ਸਿੱਖਿਆ ਅੱਗੇ ਵੱਲ ਆਪਣਾ ਆਪਣਾ ਕਦਮ ਪੁੱਟੇਗੀ। ਮੱਥਿਆਂ ਵਿੱਚ ਗਿਆਨ ਦੇ ਦੀਵੇ ਜਗਣਗੇ, ਪੰਜਾਬ ਸਰਕਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ‘ਫੈਲੇ ਵਿੱਦਿਆ ਚਾਨਣ ਹੋਇ’ ਦਾ ਉਦੇਸ਼ ਪੂਰਾ ਹੋਵੇਗਾ।
-ਪਰਮਿੰਦਰ ਸਿੰਘ ਭੁੱਲਰ,
94630-67430