
ਕਾਨਪੁਰ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਨਪੁਰ ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਜਿਨ੍ਹਾਂ ਲੋਕਾਂ ਦਾ ਕਤਲ ਹੋਇਆ ਸੀ, ਉਨ੍ਹਾਂ ਦੇ ਪੋਸਟਮਾਰਟਮ ਦਾ ਪ੍ਰਮਾਣਿਤ (ਸਰਟੀਫਾਈਡ) ਰਿਕਾਰਡ ਐਸਆਈਟੀ ਨੇ ਹੁਣ ਪੁਲਿਸ ਵਿਭਾਗ ਅਤੇ ਸਿਹਤ ਮਹਿਕਮੇ ਕੋਲੋਂ ਮੰਗਿਆ ਹੈ। ਨਾਲ ਹੀ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਤੇ ਲਾਸ਼ਾਂ ਨੂੰ ਲਿਆਉਣ ਤੇ ਲਿਜਾਣ ਵਾਲੇ ਪੁਲਿਸ ਕਰਮੀਆਂ ਦੇ ਵੀ ਨਾਮ, ਪਤੇ ਦੀ ਜਾਣਕਾਰੀ ਮੰਗੀ ਗਈ ਹੈ। ਇਸ ਤੋਂ ਬਾਅਦ ਡਾਕਟਰਾਂ ਤੇ ਪੁਲਿਸ ਕਰਮੀਆਂ ਦੇ ਵੀ ਬਿਆਨ ਲੈ ਕੇ ਮੁਕੱਦਮਿਆਂ ਦੀ ਕੇਸ ਡਾਇਰੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਸਾਲ 1984 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਸ਼ਹਿਰ ਵਿੱਚ 127 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਦੰਗਾਈਆਂ ਨੇ ਘਰਾਂ ਵਿੱਚ ਦਾਖ਼ਲ ਹੋ ਕੇ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਕਈਆਂ ਨੂੰ ਬਾਹਰ ਖਿੱਚ ਕੇ ਅੱਗ ਲਗਾ ਕੇ ਸਾੜ ਦਿੱਤਾ ਸੀ।
ਵਾਰਦਾਤ ਤੋਂ ਬਾਅਦ ਜ਼ਿਆਦਾਤਰ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। ਉਸ ਦੌਰਾਨ ਪੁਲਿਸ ਲਾਈਨ ਸਥਿਤ ਰਿਸਪੌਂਸ ਇੰਸਪੈਕਟਰ ਦੇ ਦਫ਼ਤਰÇ ਵੱਚ ਪੋਸਟਮਾਰਟਮ ਰਜਿਸਟਰ ਅਤੇ ਸਿਹਤ ਵਿਭਾਗ ਦੇ ਰਜਿਸਟਰਾਂ ਵਿੱਚ ਮ੍ਰਿਤਕਾਂ ਦੇ ਨਾਮ, ਪਤੇ ਆਦਿ ਬਿਊਰਾ ਲਿਖਿਆ ਗਿਆ ਸੀ। ਦੰਗਿਆਂ ਦੇ 19 ਮੁਕੱਦਮਿਆਂ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਦਿੱਲੀ ਤੋਂ ਪਰਤਣ ਬਾਅਦ ਹੁਣ 36 ਸਾਲ ਪੁਰਾਣਾ ਇਹ ਰਿਕਾਰਡ ਵੀ ਮੰਗਿਆ ਹੈ।
ਉੱਧਰ, ਐਸਆਈਟੀ ਦੇ ਐਸਪੀ ਬਾਲੇਂਦੂ ਭੂਸ਼ਣ ਨੇ ਦੱਸਿਆ ਕਿ ਕਈ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਮਿਲ ਗਈ ਹੈ। ਪਿਛਲੇ ਦਿਨੀਂ ਟੀਮ ਨੇ ਦਿੱਲੀ ਜਾ ਕੇ ਰੰਗਨਾਥ ਮਿਸ਼ਰ ਕਮਿਸ਼ਨ ਕੋਲ ਮੌਜੂਦ ਪੋਸਟਮਾਰਟਮ ਸਬੰਧੀ ਦਸਤਾਵੇਜ਼ ਵੀ ਇਕੱਠੇ ਕੀਤੇ ਸਨ, ਪਰ ਉਸ ਵਿੱਚ ਪੋੋਸਟਮਾਰਟਮ ਕਰਨ ਵਾਲੇ ਡਾਕਟਰਾਂ ਤੇ ਲਾਸ਼ਾਂ ਨੂੰ ਲਿਆਉਣ ਵਾਲੇ ਪੁਲਿਸ ਕਰਮੀਆਂ ਦੇ ਬਿਆਨ ਨਹੀਂ ਹਨ। ਪੁਲਿਸ ਲਾਈਨ ਤੇ ਸਿਹਤ ਵਿਭਾਗ ਦੇ ਪੋਸਟਮਾਰਟਮ ਦੇ ਇਨ੍ਹਾਂ ਪੁਰਾਣੇ ਦਸਤਾਵੇਜ਼ਾਂ ਦੀ ਪ੍ਰਮਾਣਿਤ ਕਾਪੀ ਮੰਗੀ ਗਈ ਹੈ ਤਾਂ ਜੋ ਇਸ ਨੂੰ ਬਤੌਰ ਸਬੂਤ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ।