
ਲੁਧਿਆਣਾ, 26 ਜਨਵਰੀ, ਹ.ਬ. : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਹੁਣ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ- ਨਵਜੋਤ ਸਿੱਧੂ ਇਕ ਖੌਫਨਾਕ ਜਾਨਵਰ ਦੀ ਸ਼੍ਰੇਣੀ ’ਚ ਆਉਂਦਾ ਹੈ। ਇਸੇ ਕਰਕੇ ਸਰਕਾਰ 74ਵੇਂ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ ਹੈ। ਸਾਰਿਆਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਸੂਤਰਾਂ ਮੁਤਾਬਕ ਸਿੱਧੂ ਸਮੇਤ ਹੋਰ ਕੈਦੀਆਂ ਦੀ ਰਿਹਾਈ ਲਈ ਕੈਬਨਿਟ ਮੀਟਿੰਗ ਹੋਣੀ ਸੀ ਪਰ ਇਹ ਮੀਟਿੰਗ ਨਹੀਂ ਹੋਈ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਜੇਕਰ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਹੋਈ ਹੈ ਤਾਂ ਉਸ ਦੀ ਵੱਧ ਤੋਂ ਵੱਧ 1 ਮਹੀਨੇ ਦੀ ਸਜ਼ਾ ਮੁਆਫ਼ ਹੋ ਸਕਦੀ ਹੈ, ਪਰ ਹੁਣ ਉਹ ਇਸ ਦਾਇਰੇ ਵਿੱਚ ਨਹੀਂ ਆ ਰਹੇ। ਨਵਜੋਤ ਸਿੱਧੂ ਦੀ ਰਿਹਾਈ ਦੀ ਚਰਚਾ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟਸ ਤੋਂ ਰੂਟ ਮੈਪ ਸ਼ੇਅਰ ਕੀਤਾ ਗਿਆ। ਜਿਸ ’ਚ ਕਿਹਾ ਗਿਆ ਸੀ ਕਿ ਸਿੱਧੂ ਪਟਿਆਲਾ ਸੈਂਟਰਲ ਜੇਲ ਛੱਡ ਕੇ ਕੁਝ ਥਾਵਾਂ ’ਤੇ ਰੁਕਣਗੇ। ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਸਮਰਥਕਾਂ ਨੂੰ ਵੀ ਉਥੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ। ਸਮਰਥਕਾਂ ਨੇ ਨਵਜੋਤ ਸਿੱਧੂ ਦੇ ਸਵਾਗਤ ਲਈ ਪਟਿਆਲਾ ’ਚ ਕਈ ਥਾਵਾਂ ’ਤੇ ਬੋਰਡ ਲਗਾਏ ਹੋਏ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪਟਿਆਲਾ ਨਗਰ ਨਿਗਮ ਨੇ ਇਨ੍ਹਾਂ ਬੋਰਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।