ਸੀਰਮ ਇੰਸਟੀਚਿਊਟ ਸਤੰਬਰ ਤਕ ਲਾਂਚ ਕਰ ਸਕਦੈ ਕੋਵੋਵੈਕਸ

ਨਵੀਂ ਦਿੱਲੀ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹੁਣ ਹੋਰ ਵੀ ਬਹੁਤ ਸਾਰੇ ਟੀਕੇ ਆ ਰਹੇ ਹਨ। ਦੁਨੀਆਂ ਦੀ ਸਭ ਤੋਂ ਵੱਡੀ ਕੋਰੋਨਾ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਇਸ ਸਾਲ ਸਤੰਬਰ ਤਕ ਇਕ ਹੋਰ ਕੋਰੋਨਾ ਟੀਕਾ ਲਾਂਚ ਕਰ ਸਕਦਾ ਹੈ। ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੋਵੋਵੈਕਸ ਇਸ ਸਾਲ ਦੇ ਸਤੰਬਰ ਤਕ ਲਾਂਚ ਕੀਤਾ ਜਾ ਸਕਦਾ ਹੈ, ਜਿਸ ਨੂੰ ਐਸਆਈਆਈ ਅਮਰੀਕੀ ਵੈਕਸੀਨ ਡਿਵੈਲਪਰ ਨੋਵਾਵੈਕਸ ਨਾਲ ਮਿਲ ਕੇ ਬਣਾ ਰਹੀ ਹੈ। ਟ੍ਰਾਇਲ ‘ਚ ਇਹ ਟੀਕਾ ਕੋਰੋਨਾ ਵਿਰੁੱਧ 89 ਫ਼ੀਸਦੀ ਪ੍ਰਭਾਵਸ਼ਾਲੀ ਪਾਇਆ ਗਿਆ ਹੈ।
ਸੀਰਮ ਨੇ ਨੋਵਾਵੈਕਸ ਕੰਪਨੀ ਨਾਲ 20 ਕਰੋੜ ਖੁਰਾਕਾਂ ਤਿਆਰ ਕਰਨ ਲਈ ਸਮਝੌਤਾ ਕੀਤਾ ਹੈ। ਭਾਰਤ ‘ਚ ਕੋਵਾਵੈਕਸ ਦਾ ਟ੍ਰਾਇਲ ਵੀਰਵਾਰ ਸ਼ੁਰੂ ਹੋ ਚੁੱਕਾ ਹੈ। ਪੂਨਾਵਾਲਾ ਨੇ ਟਵੀਟ ਕਰਕੇ ਕਿਹਾ, “ਇਸ ਵੈਕਸੀਨ ਦਾ ਟ੍ਰਾਇਲ ਅਫ਼ਰੀਕਾ ਅਤੇ ਬ੍ਰਿਟੇਨ ‘ਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਵੇਰੀਐਂਟ ‘ਤੇ ਕੀਤਾ ਗਿਆ, ਜਿਸ ‘ਚ ਇਸ ਨੂੰ 89 ਫ਼ੀਸਦੀ ਤਕ ਪ੍ਰਭਾਵਸ਼ਾਲੀ ਦੱਸਿਆ ਜਾਂਦਾ ਹੈ।” ਬ੍ਰਿਟੇਨ ‘ਚ ਕੋਵੋਵੈਕਸ ‘ਤੇ ਹੋਏ ਟ੍ਰਾਇਲ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਟੀਕਾ ਦੱਖਣ ਅਫ਼ਰੀਕਾ ‘ਚ ਪਾਏ ਗਏ ਕੋਰੋਨਾ ਦੇ ਨਵੇਂ ਵੇਰੀਐਂਟ ‘ਤੇ ਵੀ ਕਾਰਗਰ ਪਾਇਆ ਗਿਆ ਹੈ।
ਕੋਰੋਨਾ ਨਾਲ ਨਜਿੱਠਣ ਲਈ ਭਾਰਤ ‘ਚ ਸ਼ੁਰੂ ਕੀਤੀ ਟੀਕਾਕਰਣ ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ। ਇਸ ਦੌਰਾਨ ਕੰਪਨੀ ਲਗਾਤਾਰ ਆਪਣੇ ਦੂਜੇ ਟੀਕੇ ਪ੍ਰਾਜੈਕਟ ਵੱਲ ਲਗਾਤਾਰ ਵੱਧ ਰਹੀ ਹੈ। ਸੰਕਟ ਦੇ ਇਸ ਸਮੇਂ ਭਾਰਤ ਨਾ ਸਿਰਫ਼ ਆਪਣੀ ਮਦਦ ਕਰ ਰਿਹਾ ਹੈ, ਸਗੋਂ ਦੁਨੀਆਂ ਦੀ ਵੀ ਮਦਦ ਕਰ ਰਿਹਾ ਹੈ। ਸੀਰਮ ਇੰਸਟੀਚਿਊਟ, ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਆਪਣੀ ਪਹਿਲੀ ਵੈਕਸੀਨ ਕੋਵਿਸ਼ੀਲਡ, ਦੀ ਸਪਲਾਈ ਭਾਰਤ ਅਤੇ ਕਈ ਹੋਰ ਦੇਸ਼ਾਂ ‘ਚ ਵੀ ਕਰ ਰਹੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਹੈ ਕਿ ਆਪਣੇ ਦੇਸ਼ ਦੇ ਲੋਕਾਂ ਦੇ ਮੁਕਾਬਲੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਹਨ।
ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਕੋਰੋਨਾ ਦੀ ਲਾਗ ਨੂੰ ਘਟਾਉਣ ‘ਚ ਕੋਵੋਵੈਕਸ ਸਭ ਤੋਂ ਅੱਗੇ ਰਹਿ ਸਕਦੀ ਹੈ, ਕਿਉਂਕਿ ਇਸ ਨੂੰ ਹੁਣ ਤਕ ਤਿਆਰ ਕੀਤੇ ਗਏ ਸਾਰੇ ਕੋਰੋਨਾ ਵੈਕਸੀਨਾਂ ਦੇ ਮੁਕਾਬਲੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ। ਦੱਸ ਦੇਈਏ ਕਿ ਭਾਰਤ ‘ਚ ਸਰਕਾਰ ਨੇ ਸੀਰਮ ਇੰਸਟੀਚਿਊਟ ਦੀ ਵੈਕਸੀਨ ਕੋਵਿਸ਼ੀਲਡ ਨੂੰ ਐਮਰਜੈਂਸੀ ਵਰਤੋਂ ਲਈ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਬਾਇਓਟੈਕ ਦੇ ਕੋਵੈਕਸਿਨ ਨੂੰ ਵੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ।

Video Ad
Video Ad