ਸੁਪਰਸਟਾਰ ਰਜਨੀਕਾਂਤ ਨੂੰ ਮਿਲੇਗਾ ਫ਼ਿਲਮੀ ਦੁਨੀਆਂ ਦਾ ਸੱਭ ਤੋਂ ਵੱਡਾ ‘ਦਾਦਾ ਸਾਹਿਬ ਫ਼ਾਲਕੇ ਐਵਾਰਡ’

ਮੁੰਬਈ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਨੂੰ ‘ਦਾਦਾ ਸਾਹਿਬ ਫ਼ਾਲਕੇ ਐਵਾਰਡ-2019’ ਨਾਲ ਸਨਮਾਨਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਇਸ ਨੂੰ ਤਾਮਿਲਨਾਡੂ ਚੋਣਾਂ ਨਾਲ ਜੋੜ ਕੇ ਵੇਖੇ ਜਾਣ ਦੇ ਇਕ ਸਵਾਲ ‘ਤੇ ਉਨ੍ਹਾਂ ਕਿਹਾ ਕਿ ਰਜਨੀਕਾਂਤ ਨੂੰ ਫ਼ਿਲਮ ਉਦਯੋਗ ‘ਚ ਉਨ੍ਹਾਂ ਦੇ ਯੋਗਦਾਨ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦਰਅਸਲ, ਤਾਮਿਲਨਾਡੂ ‘ਚ 6 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਰਜਨੀਕਾਂਤ ਨੂੰ 3 ਮਈ ਨੂੰ 51ਵਾਂ ‘ਦਾਦਾ ਸਾਹਿਬ ਫ਼ਾਲਕੇ ਐਵਾਰਡ’ ਦਿੱਤਾ ਜਾਵੇਗਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਰਜਨੀਕਾਂਤ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ, “ਕਈ ਪੀੜ੍ਹੀਆਂ ‘ਚ ਪ੍ਰਸਿੱਧ, ਜ਼ਬਰਦਸਤ ਕੰਮ ਜੋ ਬਹੁਤ ਘੱਟ ਲੋਕ ਕਰ ਸਕਦੇ ਹਨ, ਵੱਖ-ਵੱਖ ਭੂਮਿਕਾਵਾਂ ਅਤੇ ਇਕ ਪਿਆਰੀ ਸ਼ਖ਼ਸੀਅਤ… ਇਹ ਹਨ ਰਜਨੀਕਾਂਤ ਜੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਥਲਾਇਵਾ ਨੂੰ ਦਾਦਾ ਸਾਹਿਬ ਫ਼ਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਧਾਈ।”
ਜ਼ਿਕਰਯੋਗ ਹੈ ਕਿ ਰਜਨੀਕਾਂਤ ਦਾ ਸਿਆਸਤ ‘ਚ ਆਉਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਹੈ। 70 ਸਾਲਾ ਰਜਨੀਕਾਂਤ ਨੇ ਸਿਹਤ ਖਰਾਬ ਹੋਣ ਕਾਰਨ ਸਿਆਸਤ ‘ਚ ਨਾ ਆਉਣ ਦਾ ਫ਼ੈਸਲਾ ਕੀਤਾ ਹੈ। 3 ਦਸੰਬਰ 2020 ਨੂੰ ਰਜਨੀਕਾਂਤ ਨੇ ਕਿਹਾ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ ਅਤੇ ਸਾਲ 2021 ਦੀਆਂ ਵਿਧਾਨ ਸਭਾ ਚੋਣਾਂ ਵੀ ਲੜਨਗੇ। 31 ਦਸੰਬਰ ਨੂੰ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ, ਪਰ ਅਜਿਹਾ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ 26 ਦਿਨ ਦੇ ਅੰਦਰ ਰਾਜਨੀਤੀ ਛੱਡ ਦਿੱਤੀ ਸੀ।
ਦੱਸ ਦੇਈਏ ਕਿ 12 ਦਸੰਬਰ 1950 ਨੂੰ ਬੰਗਲੁਰੂ ‘ਚ ਇਕ ਮਰਾਠੀ ਪਰਿਵਾਰ ‘ਚ ਪੈਦਾ ਹੋਏ ਰਜਨੀਕਾਂਤ ਦਾ ਅਸਲ ਨਾਮ ਸ਼ਿਵਾਜੀ ਰਾਓ ਗਾਇਕਵਾੜ ਹੈ। ਜੀਜਾਬਾਈ ਅਤੇ ਰਾਮੋਜੀ ਰਾਓ ਦੇ ਚਾਰ ਬੱਚਿਆਂ ‘ਚੋਂ ਸ਼ਿਵਾਜੀ ਸਭ ਤੋਂ ਛੋਟੇ ਸਨ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਬੰਗਲੁਰੂ ‘ਚ ਕੀਤੀ। ਰਜਨੀਕਾਂਤ ਚਾਰ ਸਾਲ ਦੇ ਸਨ, ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ। ਘਰ ਦੀ ਆਰਥਕ ਹਾਲਤ ਚੰਗੀ ਨਹੀਂ ਸੀ। ਇਸ ਲਈ ਰਜਨੀਕਾਂਤ ਨੇ ਕੁਲੀ ਤੋਂ ਲੈ ਕੇ ਬੱਸ ਕੰਡਕਟਰ ਤਕ ਦਾ ਕੰਮ ਕੀਤਾ। ਬੱਸ ‘ਚ ਟਿਕਟਾਂ ਕੱਟਣ ਦੇ ਆਪਣੇ ਵਿਲੱਖਣ ਅੰਦਾਜ਼ ਕਾਰਨ ਉਹ ਮਸ਼ਹੂਰ ਹੋਏ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦੀ ਸਲਾਹ ਦਿੱਤੀ।
ਜ਼ਿਕਰਯੋਗ ਹੈ ਕਿ ‘ਦਾਦਾ ਸਾਹਿਬ ਫ਼ਾਲਕੇ ਐਵਾਰਡ’ ਸਾਲ 2018 ‘ਚ ਅਮਿਤਾਭ ਬੱਚਨ, ਸਾਲ 2017 ‘ਚ ਵਿਨੋਦ ਖੰਨਾ, ਸਾਲ 2016 ‘ਚ ਕਾਸੀਨਾਥੁਨੀ ਵਿਸ਼ਵਨਾਥ, ਸਾਲ 2015 ‘ਚ ਮਨੋਜ ਕੁਮਾਰ, ਸਾਲ 2014 ‘ਚ ਸ਼ਸ਼ੀ ਕਪੂਰ, ਸਾਲ 2013 ‘ਚ ਗੁਲਜ਼ਾਰ, ਸਾਲ 2012 ‘ਚ ਪ੍ਰਾਣ ਅਤੇ ਸਾਲ 2011 ‘ਚ ਸੌਮਿੱਤਰਾ ਚੈਟਰਜੀ ਨੂੰ ਦਿੱਤਾ ਗਿਆ ਸੀ।

Video Ad
Video Ad